ਪਾਕਿ ਨੇਤਾ ਨੇ ਭਰੀ ਸਭਾ 'ਚ ਬੱਚੀ ਨਾਲ ਕੀਤੀ ਗੰਦੀ ਹਰਕਤ, ਵੀਡੀਓ ਵਾਇਰਲ

02/02/2018 12:41:53 AM

ਇਸਲਾਮਾਬਾਦ—ਪਹਿਲਾਂ ਹੀ 6 ਸਾਲ ਦੀ ਬੱਚੀ ਜੈਨਬ ਅੰਸਾਰੀ ਦੇ ਰੇਪ ਤੋਂ ਬਾਅਦ ਕਤਲ ਦਾ ਮਾਮਲਾ ਹਾਲੇ ਠੰਡਾ ਨਹੀਂ ਸੀ ਪਿਆ ਕਿ ਪਾਕਿਸਤਾਨ ਹੁਣ ਇਕ ਹੋਰ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਆ ਗਿਆ ਹੈ । ਜੈਨਬ ਮਾਮਲੇ ਨੂੰ ਲੈ ਕੇ ਜਨਤਾ 'ਚ ਭਾਰੀ ਰੋਸ ਹੈ। ਇਸ ਵਿਚ ਨਵਾਜ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਨ ਲੀਗ-ਨਵਾਜ (ਪੀ.ਐੱਮ.ਐੱਲ.-ਐੱਨ) ਦੇ ਇੱਕ ਸੰਸਦ ਮੈਂਬਰ ਦੀ ਗੰਦੀ ਕਰਤੂਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖਕੇ ਦੁਨੀਆ ਸ਼ਰਮਸਾਰ ਹੋ ਰਹੀ ਹੈ ।ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੇ ਇਸ ਵੀਡੀਓ ਨੂੰ ਲੈ ਕੇ ਬੁੱਧਵਾਰ (31 ਜਨਵਰੀ) ਨੂੰ ਲੋਕਾਂ ਨੇ ਭਾਰੀ ਨਰਾਜ਼ਗੀ ਜ਼ਾਹਰ ਕੀਤੀ ।


ਵੀਡੀਓ 'ਚ ਪਾਕਿਸਤਾਨ ਦੇ ਖੈਬਰ ਪਖਤੂਨਵਾ ਦਾ ਰਹਿਣ ਵਾਲਾ ਪੀ.ਐੱਮ.ਐੱਲ.-ਐੱਨ ਦਾ ਸੰਸਦ ਮੈਂਬਰ ਨਿਸਾਰ ਮੁਹੰਮਦ ਇਕ ਭਰੀ ਸਭਾ 'ਚ ਇੱਕ ਬੱਚੀ ਨਾਲ ਅਸ਼ਲੀਲ ਹਰਕਤ ਕਰਦੇ ਹੋਏ ਦਿਖ ਰਿਹਾ ਹੈ । ਦੋਸ਼ੀ ਪਾਕਿਸਤਾਨ ਦੀ ਸੰਸਦ ਦਾ ਮਨੁਖੀ ਅਧਿਕਾਰਾਂ ਲਈ ਬਣਾਈ ਗਈ ਸਥਾਈ ਕਮੇਟੀ ਦਾ ਮੈਂਬਰ ਵੀ ਹੈ । ਇਕ ਨਿਊਜ਼ ਏਜੰਸੀ ਮੁਤਾਬਕ ਜਦੋਂ ਦੋਸ਼ੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਬਾਅਦ 'ਚ ਗੱਲ ਕਰਨ ਦੀ ਗੱਲ ਕਹਿ ਕੇ ਮਾਮਲੇ 'ਤੇ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ। ਜਦੋਂ ਦੋਸ਼ੀ ਨੂੰ ਫੋਨ ਕੀਤਾ ਗਿਆ ਤਾਂ ਉਸ ਦਾ ਫੋਨ ਸਵਿਚ ਆਫ ਜਾ ਰਿਹਾ ਸੀ ।
ਦੋਸ਼ੀ ਦਾ ਇਹ ਵੀਡੀਓ ਉਸ ਸਮੇਂ ਬਣਾਇਆ ਗਿਆ ਜਦੋਂ ਉਹ ਕਰਾਚੀ ਦੇ ਸੋਹਰਾਬਗੋਥ ਇਲਾਕੇ 'ਚ ਪੁਲਸ ਦੀ ਗੋਲੀ ਦਾ ਸ਼ਿਕਾਰ ਹੋਏ ਨਕੀਬੁਲਾਹ ਮਹਿਸੂਦ ਲਈ ਹੋ ਰਹੇ ਵਿਰੋਧ ਪ੍ਰਦਰਸ਼ਨ 'ਚ ਰੰਗ ਮੰਚ 'ਤੇ  ਭਾਸ਼ਣ ਦੇ ਰਿਹਾ ਸੀ । ਫੇਸਬੁੱਕ 'ਤੇ  ਚੱਲ ਰਹੇ ਵੀਡੀਓ 'ਚ ਦੱਸਿਆ ਗਿਆ ਹੈ ਕਿ ਜਿਸ ਬੱਚੀ ਨਾਲ ਦੋਸ਼ੀ ਸੰਸਦ ਮੈਂਬਰ ਨੇ ਗੰਦੀ ਹਰਕਤ ਕੀਤੀ, ਉਹ ਆਪਣੇ ਭਰਾ ਲਈ ਨਿਆਂ ਮੰਗਣ ਆਈ ਸੀ, ਜਿਸ ਲਈ ਪ੍ਰਦਰਸ਼ਨ ਲਈ ਇੱਥੇ ਭੀੜ ਇਕੱਠੀ ਹੋਈ ਸੀ। ਦੋਸ਼ੀ ਸੰਸਦ ਮੈਂਬਰ ਨੂੰ ਸੰਸਦ ਦੇ ਵਫਦ ਦੇ ਤੌਰ 'ਤੇ  ਪ੍ਰਦਰਸ਼ਨ 'ਚ ਸ਼ਰੀਕ ਹੋਣ ਲਈ ਭੇਜਿਆ ਗਿਆ ਸੀ ।ਫੇਸਬੁੱਕ ਦੇ ਕੂਮੈਂਟ ਬਾਕਸ 'ਚ ਲੋਕਾਂ ਨੇ ਦੋਸ਼ੀ ਸੰਸਦ ਮੈਂਬਰ 'ਤੇ ਜੰਮ ਕੇ ਗੁੱਸਾ ਕੱਢਿਆ ਹੈ ।