ਆਸਟ੍ਰੇਲੀਆ ਘੁੰਮਣ ਦਾ ਮੌਕਾ, ਹੁਣ ਵੀਜ਼ਾ ਲੈਣਾ ਹੋਇਆ ਆਸਾਨ

06/19/2017 3:48:54 PM

ਨਵੀਂ ਦਿੱਲੀ— ਹੁਣ ਚਾਹੇ ਤੁਸੀਂ ਬਿਜ਼ਨਸ ਲਈ ਆਸਟ੍ਰੇਲੀਆ ਜਾ ਰਹੇ ਹੋਵੋ ਜਾਂ ਫਿਰ ਘੁੰਮਣ ਲਈ, ਵੀਜ਼ਾ ਲੈਣਾ ਆਸਾਨ ਹੋਵੇਗਾ। 1 ਜੁਲਾਈ ਤੋਂ ਤੁਸੀਂ 'ਵਿਜ਼ਿਟਰ ਵੀਜ਼ਾ' ਲਈ ਆਨਲਾਈਨ ਅਪਲਾਈ ਕਰ ਸਕੋਗੇ।
ਭਾਰਤ 'ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਲੋਕ ਪਹਿਲੀ ਜੁਲਾਈ ਤੋਂ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ 'ਵਿਜ਼ਿਟਰ ਵੀਜ਼ਾ' ਲਈ ਅਪਲਾਈ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਨੇ ਭਾਰਤੀ ਸੈਲਾਨੀਆਂ ਨੂੰ ਵਿਜ਼ਿਟਰ ਵੀਜ਼ਾ ਦੇਣ ਲਈ ਅਪਲਾਈ ਕਰਨਾ ਆਸਾਨ ਅਤੇ ਜ਼ਿਆਦਾ ਸੁਵਿਧਾਜਨਕ ਬਣਾਇਆ ਹੈ।

ਆਨਲਾਈਨ ਅਪਲਾਈ ਕਰਨ ਦੀ ਸੁਵਿਧਾ 24 ਘੰਟੇ ਅਤੇ ਹਫਤੇ ਦੇ 7 ਦਿਨ ਉਪਲੱਬਧ ਰਹੇਗੀ। ਇਸ ਦੇ ਨਾਲ ਹੀ ਵੀਜ਼ਾ ਫੀਸ ਦਾ ਇਲੈਕਟ੍ਰਾਨਿਕ ਤਰੀਕੇ ਨਾਲ ਵੀ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੀਜ਼ਾ ਅਰਜ਼ੀ ਦੀ ਸਥਿਤੀ ਬਾਰੇ ਆਨਲਾਈਨ ਚੈੱਕ ਕੀਤਾ ਜਾ ਸਕੇਗਾ। ਇਸ ਨਾਲ ਅਰਜ਼ੀ ਦੇਣ ਵਾਲਿਆਂ ਨੂੰ ਯਾਤਰਾ ਦੀਆਂ ਤਿਆਰੀਆਂ ਪੂਰੀਆਂ ਕਰਨ 'ਚ ਸਹੂਲਤ ਮਿਲੇਗੀ। 
ਜ਼ਿਕਰਯੋਗ ਹੈ ਕਿ ਘੁੰਮਣ ਜਾਣ ਦੇ ਤੌਰ 'ਤੇ ਭਾਰਤੀਆਂ 'ਚ ਆਸਟ੍ਰੇਲੀਆ ਜਾਣ ਦੀ ਪ੍ਰਸਿੱਧੀ ਲਗਾਤਾਰ ਵਧੀ ਹੈ। ਪਿਛਲੇ ਸਾਲ ਦੇ ਮੁਕਾਬਲੇ ਸਾਲ 2017 'ਚ ਭਾਰਤੀਆਂ ਵਿਚਕਾਰ ਆਸਟ੍ਰੇਲੀਆ ਲਈ ਵੀਜ਼ਾ ਮੰਗ 'ਚ ਬਹੁਤ ਤੇਜ਼ੀ ਆਈ ਹੈ। ਇਕੱਲੇ ਇਸ ਸਾਲ ਦੇ ਪਹਿਲੇ 4 ਮਹੀਨਿਆਂ 'ਚ 65,000 ਭਾਰਤੀ ਆਸਟ੍ਰੇਲੀਆ ਗਏ। ਉੱਥੇ ਹੀ, ਪਿਛਲੇ ਸਾਲ ਜੁਲਾਈ ਤੋਂ ਇਸ ਸਾਲ ਮਾਰਚ ਵਿਚਕਾਰ 2,65,000 ਤੋਂ ਜ਼ਿਆਦਾ ਭਾਰਤੀ ਆਸਟ੍ਰੇਲੀਆ ਗਏ, ਜੋ ਇਸ ਦੀ ਪਿਛਲੀ ਮਿਆਦ ਦੇ ਮੁਕਾਬਲੇ 15 ਫੀਸਦੀ ਜ਼ਿਆਦਾ ਹਨ।