ਕੈਨੇਡਾ ''ਚ ਸਿੱਖਾਂ ਨੂੰ ਮਿਲੀ ਇਤਿਹਾਸਕ ਸਫਲਤਾ, ਓਨਟਾਰੀਓ ਵਿਧਾਨ ਸਭਾ ''ਚ 84 ਦੇ ਦੰਗਿਆਂ ਨੂੰ ''ਸਿੱਖ ਨਸਲਕੁਸ਼ੀ'' ਵ

04/07/2017 11:57:19 AM

ਬਰੈਂਪਟਨ— ਕੈਨੇਡਾ ਦੇ ਸੂਬੇ ਵਿਚ ਸਿੱਖਾਂ ਨੂੰ ਵੱਡੀ ਇਤਿਹਾਸਕ ਸਫਲਤਾ ਮਿਲੀ ਹੈ। ਇੱਥੋਂ ਦੇ ਸੂਬੇ ਓਨਟਾਰੀਓ ਦੀ ਵਿਧਾਨ ਸਭਾ ਨੇ 1984 ਦੇ ''ਚ ਕੀਤੇ ਗਏ ਸਿੱਖਾਂ ਦੇ ਕਤਲੇਆਮ ਨੂੰ ''ਸਿੱਖ ਨਸਲਖੁਸ਼ੀ'' ਵਜੋਂ ਮਾਨਤਾ ਦੇ ਦਿੱਤੀ ਹੈ। ਇਹ ਮਤਾ ਵਿਧਾਨ ਸਭਾ ਵਿਚ ਲਿਬਰਲ ਪਾਰਟੀ ਦੀ ਵਿਧਾਇਕ ਬੀਬੀ ਹਰਿੰਦਰ ਕੌਰ ਮੱਲ੍ਹੀ ਨੇ ਪੇਸ਼ ਕੀਤਾ ਸੀ, ਜਿਸ ਨੂੰ ਲਿਬਰਲ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਇਕਜੁੱਟ ਹੋ ਕੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇੱਥੇ ਦੱਸ ਦੇਈਏ ਕਿ ਹਰਿੰਦਰ ਕੌਲ ਮੱਲ੍ਹੀ ਸਾਬਕਾ ਪਾਰਲੀਮੈਂਟ ਮੈਂਬਰ ਸਰਦਾਰ ਗੁਰਬਖਸ਼ ਸਿੰਘ ਮੱਲ੍ਹੀ ਦੀ ਬੇਟੀ ਹੈ। ਪਿਛਲੇ ਸਾਲ ਜੂਨ ਵਿਚ ਇਸ ਮੋਸ਼ਨ ਨੂੰ ਓਨਟਾਰੀਓ ''ਤੋਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਵਿਧਾਨ ਸਭਾ ਮੈਂਬਰ ਜਗਮੀਤ ਸਿੰਘ ਨੇ ਪੇਸ਼ ਕੀਤਾ ਸੀ ਪਰ ਉਸ ਸਮੇਂ ਇਸ ਮੋਸ਼ਨ ਨੂੰ ਪਾਸ ਨਹੀਂ ਕੀਤਾ ਗਿਆ ਸੀ। ਵਿਧਾਨ ਸਭਾ ਵਿਚ ਇਸ ਮੋਸ਼ਨ ਦੇ ਪੱਖ 34 ਵੋਟਾਂ ਪਈਆਂ, ਜਦੋਂ ਕਿ 5 ਵੋਟਾਂ ਇਸ ਦੇ ਖਿਲਾਫ ਪਈਆਂ। ਮੋਸ਼ਨ ਪੜ੍ਹਦੇ ਹੋਏ ਹਰਿੰਦਰ ਮੱਲ੍ਹੀ ਨੇ ਵਿਧਾਨ ਸਭਾ ਵਿਚ ਕਿਹਾ ਕਿ ਅਸੀਂ ਦੁਨੀਆ ਵਿਚ ਹਰ ਤਰ੍ਹਾਂ ਦੀ ਨਸਲੀ ਹਿੰਸਾ, ਨਫਰਤ, ਭੇਦਭਾਵ ਦਾ ਵਿਰੋਧ ਕਰਦੇ ਹਾਂ। ਇਸ ਵਿਚ ਭਾਰਤ ਵਿਚ ਸੰਨ੍ਹ 1984 ਵਿਚ ਹੋਈ ਸਿੱਖ ਨਸਲਕੁਸ਼ੀ ਵੀ ਸ਼ਾਮਲ ਹੈ। ਇਸ ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਸੀ। 
ਵਿਧਾਇਕ ਜਗਮੀਤ ਸਿੰਘ ਨੇ ਦੱਸਿਆ ਕਿ ਬੀਤੇ ਸਾਲ ਤੋਂ ਵਿਭਿੰਨ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਇਸ ਲਈ ਸੰਘਰਸ਼ ਕਰ ਰਹੀਆਂ ਸਨ ਅਤੇ ਅੱਜ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਗਿਆ ਹੈ। ਇਸ ਐਲਾਨ ਦੇ ਨਾਲ ਸਿੱਖ ਸੰਗਤਾਂ ਵਿਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਕਿਸੀ ਵਿਧਾਨ ਸਭਾ ਨੇ 1984 ਵਿਚ ਸਿੱਖਾਂ ਖਿਲਾਫ ਹੋਈ ਹਿੰਸਾ ਨੂੰ ''ਨਸਲਕੁਸ਼ੀ'' ਦਾ ਦਰਜਾ ਦਿੱਤਾ ਹੈ। 
 
ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕੀਤਾ ਫੈਸਲੇ ਦਾ ਸੁਆਗਤ— ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ। ਆਰਗੇਨਾਈਜੇਸ਼ਨ ਨੇ ਪ੍ਰੈਜ਼ੀਡੈਂਟ ਮੁਖਬੀਰ ਸਿੰਘ ਨੇ ਕਿਹਾ ਕਿ ਉਹ ਓਨਟਾਰੀਓ ਦੀ ਵਿਧਾਨ ਸਭਾ ਵੱਲੋਂ ਮਿਲੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਨਿਊ ਡੈਮੋਕ੍ਰੇਟਿਕ ਦੇ ਉਪ ਮੁਖੀ ਜਗਮੀਤ ਸਿੰਘ ਦੇ ਉਦਮਾਂ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਮੁੱਦੇ ਨੂੰ ਵਿਧਾਨ ਸਭਾ ਵਿਚ ਚੁੱਕਿਆ।

Kulvinder Mahi

News Editor

Related News