ਇਸ ਦੇਸ਼ ਦੇ ਮੇਅਰ ਨੇ 'ਮਗਰਮੱਛ' ਨਾਲ ਰਚਾਇਆ ਵਿਆਹ, ਕਾਰਨ ਜਾਣ ਰਹਿ ਜਾਓਗੇ ਹੈਰਾਨ (ਵੀਡੀਓ)

07/02/2023 4:07:08 PM

ਮੈਕਸੀਕੋ ਸਿਟੀ-  ਹਾਲ ਹੀ ਵਿੱਚ ਇੱਕ ਅਜੀਬ ਅਤੇ ਹੈਰਾਨ ਕਰਨ ਵਾਲਾ ਵਿਆਹ ਹੋਇਆ, ਜਿਸਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਦੱਖਣੀ ਮੈਕਸੀਕੋ ਦੇ ਸੈਨ ਪੇਡਰੋ ਹੁਆਮੇਲੁਲਾ ਸ਼ਹਿਰ ਦੇ ਮੇਅਰ ਵਿਕਟਰ ਹਿਊਗੋ ਸੋਸਾ ਨੇ ਇੱਕ ਰਵਾਇਤੀ ਸਮਾਰੋਹ ਵਿੱਚ ਇੱਕ ਮਾਦਾ ਮਗਰਮੱਛ ਨਾਲ ਵਿਆਹ ਕੀਤਾ।

'...ਕਿਉਂਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ'

ਸਮਾਚਾਰ ਏਜੰਸੀ ਏਐੱਫਪੀ ਦੇ ਹਵਾਲੇ ਨਾਲ ਵਿਕਟਰ ਨੇ ਵਿਆਹ ਦੌਰਾਨ ਕਿਹਾ ਿਕ "ਉਹ ਜ਼ਿੰਮੇਵਾਰੀ ਸਵੀਕਾਰ ਕਰਦਾ ਹੈ ਕਿਉਂਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਇਹ ਮਹੱਤਵਪੂਰਨ ਹੈ। ਤੁਸੀਂ ਪਿਆਰ ਤੋਂ ਬਿਨਾਂ ਵਿਆਹ ਨਹੀਂ ਕਰ ਸਕਦੇ... ਮੈਂ ਇੱਕ ਰਾਜਕੁਮਾਰੀ ਲੜਕੀ ਨਾਲ ਵਿਆਹ ਕਰਨ ਜਾ ਰਿਹਾ ਹਾਂ,"।

ਮਗਰਮੱਛ ਨਾਲ ਵਿਆਹ ਕਿਉਂ?

ਦਰਅਸਲ ਇੱਥੋਂ ਦੇ ਇਤਿਹਾਸ ਵਿੱਚ ਇਸ ਰੈਪਟਾਈਲ ਨੂੰ ਰਾਜਕੁਮਾਰੀ ਦਾ ਰੂਪ ਮੰਨਿਆ ਜਾਂਦਾ ਹੈ। ਇਹ ਵਿਆਹ ਦੀ ਰਸਮ 230 ਸਾਲਾਂ ਤੋਂ ਚੌਂਟਲ ਅਤੇ ਹੂਵੇ ਦੇ ਆਦਿਵਾਸੀ ਸਮੂਹਾਂ ਵਿਚਕਾਰ ਸ਼ਾਂਤੀ ਦੀ ਯਾਦ ਦਿਵਾਉਣ ਲਈ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਮੇਅਰ, ਜੋ ਕਿ ਚੌਂਟਲ ਰਾਜੇ ਦਾ ਪ੍ਰਤੀਕ ਹੈ, ਨੂੰ ਉਸ ਰੈਪਟਾਈਲ ਨਾਲ ਵਿਆਹ ਕਰਨਾ ਪੈਂਦਾ ਹੈ। ਮਗਰਮੱਛ ਨਾਲ ਵਿਆਹ ਕਰਨ ਦੀ ਪਰੰਪਰਾ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

'ਲਾੜੀ ਵਾਂਗ ਸਜਾਇਆ ਜਾਂਦਾ ਹੈ ਮਗਰਮੱਛ ਨੂੰ'

ਇਸ ਅਨੋਖੇ ਵਿਆਹ ਸਮਾਗਮ ਰਾਹੀਂ ਦੋਵੇਂ ਭਾਈਚਾਰੇ ਧਰਤੀ ਨਾਲ ਜੁੜਨ ਅਤੇ ਮੀਂਹ, ਫਸਲਾਂ ਦੇ ਉਗਾਉਣ ਅਤੇ ਸਦਭਾਵਨਾ ਲਈ ਪਰਮਾਤਮਾ ਦਾ ਅਸ਼ੀਰਵਾਦ ਮੰਗਦੇ ਹਨ। ਸਮਾਰੋਹ ਤੋਂ ਪਹਿਲਾਂ ਮਗਰਮੱਛ ਨੂੰ ਸਜਾਇਆ ਜਾਂਦਾ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਲਿਜਾਇਆ ਜਾਂਦਾ ਹੈ। ਮਗਰਮੱਛ ਨੂੰ ਲਾੜੀ ਵਾਂਗ ਸਜਾਇਆ ਜਾਂਦਾ ਹੈ ਅਤੇ ਇਸ ਦੇ ਮੂੰਹ ਨੂੰ ਸੁਰੱਖਿਆ ਲਈ ਬੰਨ੍ਹਿਆ ਜਾਂਦਾ ਹੈ। ਵਿਆਹ ਟਾਊਨ ਹਾਲ ਵਿੱਚ ਹੁੰਦਾ ਹੈ, ਜਿੱਥੇ ਸਥਾਨਕ ਮਛੇਰੇ ਚੰਗੀ ਮੱਛੀ ਫੜਨ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦੇ ਹਨ। 

ਡਾਂਸ ਵੀ ਕਰਦੇ ਹਨ ਲਾੜਾ-ਲਾੜੀ 

ਮੇਅਰ ਵੀ ਆਪਣੀ ਲਾੜੀ ਮਗਰਮੱਛ ਨਾਲ ਨੱਚਦਾ ਹੈ ਅਤੇ ਸਮਾਗਮ ਸੱਭਿਆਚਾਰਾਂ ਦੀ ਮਿਲਣੀ ਦਾ ਜਸ਼ਨ ਮਨਾਉਂਦਾ ਹੈ। ਸਮਾਰੋਹ ਉਦੋਂ ਖਤਮ ਹੁੰਦਾ ਹੈ ਜਦੋਂ ਮੇਅਰ ਆਪਣੀ ਮਗਰਮੱਛ ਲਾੜੀ ਨੂੰ ਚੁੰਮਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕਾਹਿਰਾ ਹਵਾਈ ਅੱਡੇ 'ਤੇ ਯਾਤਰੀ ਦੇ ਸਾਮਾਨ 'ਚ ਪਾਏ ਗਏ 73 ਸੱਪ, ਅਧਿਕਾਰੀ ਹੋਏ ਹੈਰਾਨ

ਪਿਛਲੇ ਸਾਲ ਵੀ ਕਰਵਾਇਆ ਗਿਆ ਸੀ ਅਜਿਹਾ ਹੀ ਵਿਆਹ 

ਤੁਹਾਨੂੰ ਦੱਸ ਦੇਈਏ ਕਿ ਰਵਾਇਤ ਮੁਤਾਬਕ ਮੇਅਰ ਵਿਕਟਰ ਹਿਊਗੋ ਸੋਸਾ ਨੇ ਪਿਛਲੇ ਸਾਲ ਵੀ ਅਜਿਹਾ ਵਿਆਹ ਕਰਵਾਇਆ ਸੀ ਅਤੇ ਇਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਦੁਨੀਆ ਭਰ 'ਚ ਅਜਿਹੀਆਂ ਕਈ ਵਿਲੱਖਣ ਪਰੰਪਰਾਵਾਂ ਹਨ ਜੋ ਅਕਸਰ ਚਰਚਾ 'ਚ ਆਉਂਦੀਆਂ ਰਹਿੰਦੀਆਂ ਹਨ। ਇਸ ਵਿੱਚ ਨਰ ਡੱਡੂ-ਮਾਦਾ ਡੱਡੂ ਦਾ ਵਿਆਹ ਅਤੇ ਦਰੱਖਤ ਨਾਲ ਮਨੁੱਖੀ ਵਿਆਹ ਵਰਗੀਆਂ ਪਰੰਪਰਾਵਾਂ ਸ਼ਾਮਲ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana