ਬ੍ਰਿਸਬੇਨ ਵਿਖੇ ਕਵੀ ਦਰਬਾਰ ਆਯੋਜਿਤ

07/16/2018 5:07:14 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) — ਆਸਟਰੇਲੀਆ 'ਚ ਸਾਹਿਤਕ ਸਰਗਰਮੀਆਂ ਦੀ ਲਗਾਤਾਰਤਾ ਲਈ ਜਾਣੀ ਜਾਂਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਯੁਵਾ ਆਲੋਚਕ ਅਤੇ ਗ਼ਜ਼ਲਗੋ ਡਾ. ਜਗਵਿੰਦਰ ਜੋਧਾ ਦੇ ਤੀਸਰੇ ਗ਼ਜ਼ਲ ਸੰਗ੍ਰਹਿ ਬੇਤਰਤੀਬੀਆਂ”ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਿੰਦੀ ਅਤੇ ਪੰਜਾਬੀ ਦੇ ਕਵੀ ਇੰਦਰੇਸ਼ਮੀਤ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ 'ਚ ਸਰਵ ਸ੍ਰੀ ਇੰਦਰੇਸ਼ਮੀਤ, ਤਰਕਸ਼ੀਲ ਲੇਖਕ ਅਤੇ ਸੰਪਾਦਕ ਜਸਵੰਤ ਜ਼ੀਰਖ, ਪੱਤਰਕਾਰ ਅਤੇ ਲੇਖਕ ਯਸ਼ਪਾਲ ਗੁਲਾਟੀ, ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ ਅਤੇ ਇੰਡੋਜ਼ ਥੀਏਟਰ ਦੇ ਸੰਸਥਾਪਕ ਰਛਪਾਲ ਹੇਅਰ ਜੀ ਸ਼ੁਸੋਭਿਤ ਹੋਏ। ਸਮਾਗਮ ਦੀ ਸ਼ੁਰੂਆਤ ਉੱਘੇ ਤਰਕਸ਼ੀਲ ਲੇਖਕ ਅਤੇ ਸਭਾ ਦੇ ਵਾਈਸ ਪ੍ਰਧਾਨ ਮਨਜੀਤ ਬੋਪਾਰਾਏ ਦੇ ਸਵਾਗਤੀ ਭਾਸ਼ਨ ਨਾਲ ਹੋਈ। ਜਿਸ 'ਚ ਉਨ੍ਹਾਂ ਨੇ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕੀਤੀਆਂ ਸਾਹਿਤਕ ਸਰਗਰਮੀਆਂ ਅਤੇ ਪ੍ਰਕਾਸ਼ਣ ਕਾਰਜਾਂ ਬਾਰੇ ਚਾਨਣਾ ਪਾਇਆ। ਇਸ ਉਪਰੰਤ ਕਵੀ ਦਰਬਾਰ ਦਾ ਆਗਾਜ਼ ਸੁਰੀਲੇ ਗਾਇਕ ਅਤੇ ਸੰਜੀਦਾ ਗੀਤਕਾਰ ਆਤਮਾ ਹੇਅਰ ਦੇ ਗੀਤ ਨਾਲ ਹੋਇਆ। 


ਇਸ ਤੋਂ ਬਾਅਦ ਲਗਾਤਾਰ ਢਾਈ ਘੰਟੇ ਚਲੇ ਸਾਹਿਤਕ ਪ੍ਰੋਗਰਾਮ 'ਚ ਗੀਤਕਾਰ ਸੁਰਜੀਤ ਸੰਧੂ, ਗ਼ਜ਼ਲਗੋ ਰੁਪਿੰਦਰ ਸੋਜ਼, ਜਸਵੰਤ ਵਾਗਲਾ, ਕਵਿੱਤਰੀ ਹਰਜੀਤ ਸੰਧੂ, ਗੁਰਮੀਤ ਕੌਰ ਸੰਧਾ, ਸਰਬਜੀਤ ਸੋਹੀ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਮਹਿਫ਼ਲ 'ਚ ਵਾਹਵਾ ਰੰਗ ਬੰਨਿਆ। ਸਮਾਗਮ ਦੇ ਦੂਸਰੇ ਦੌਰ 'ਚ ਇਕਬਾਲ ਸਿੰਘ ਧਾਮੀ ਨੇ ਖੂਬਸੂਰਤ ਗ਼ਜ਼ਲ ਨਾਲ ਹਾਜ਼ਰੀ ਲਵਾਈ। ਇਸ ਤੋਂ ਬਾਅਦ ਜਸਵੰਤ ਜ਼ੀਰਖ ਆਪਣੇ ਵਿਚਾਰ ਪੇਸ਼ ਕਰਦਿਆਂ ਸਮਾਜ ਦੀ ਬਿਹਤਰੀ ਲਈ ਸਾਹਿਤ ਦੀ ਭੂਮਿਕਾ ਬਾਰੇ ਗੱਲ ਕੀਤੀ ਅਤੇ ਪੰਜਾਬ ਦੇ ਚਿੰਤਾਜਨਕ ਹਾਲਾਤ ਬਾਰੇ ਭੱਖਵੀਂ ਗੱਲ-ਬਾਤ ਕੀਤੀ। ਜ਼ੀਰਖ ਨੇ ਤਰਕਸ਼ੀਲਤਾ ਅਤੇ ਵਿਗਿਆਨਿਕ ਸੋਚ ਨੂੰ ਅਪਨਾਉਣ 'ਚ ਸਮਾਜ ਦੀ ਭਲਾਈ ਬਾਰੇ ਉਦਹਾਰਨਾਂ ਪੇਸ਼ ਕੀਤੀਆਂ। ਸੀਨੀਅਰ ਪੱਤਰਕਾਰ ਯਸ਼ਪਾਲ ਗੁਲਾਟੀ ਨੇ ਸੰਖੇਪ ਸ਼ਬਦਾਂ 'ਚ ਇੰਡੋਜ਼ ਦੀਆਂ ਪ੍ਰਾਪਤੀਆਂ ਦੀ ਸਰਾਹਨਾ ਕਰਦਿਆਂ ਇਸ ਨੂੰ ਫੈਲਦੇ ਪੰਜਾਬ ਲਈ ਸ਼ੁੱਭ ਸ਼ਗਨ ਦੱਸਿਆ। ਪ੍ਰੋਗਰਾਮ ਦੇ ਅੰਤਮ ਚਰਨ 'ਚ ਮਹਿਮਾਨ ਕਵੀ ਇੰਦਰੇਸਮੀਤ ਨੇ ਆਪਣੇ ਮੁੱਢਲੇ ਜੀਵਨ ਅਤੇ ਸਾਹਿਤਕ ਸਫ਼ਰ ਨਾਲ ਸਰੋਤਿਆਂ ਦੀ ਸਾਂਝ ਪਵਾਈ। ਉਨ੍ਹਾਂ ਨੇ ਰੂ ਬੂ ਰੂ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਕਾਵਿ ਸਿਰਜਣਾ ਅਤੇ ਹੋਰ ਵਿਸ਼ਿਆਂ ਬਾਰੇ ਭਾਵਪੂਰਤ ਵਿਆਖਿਆ ਕੀਤੀ। ਇੰਡੋਜ਼ ਪੰਜਾਬੀ ਸਾਹਿਤ ਸਭਾ ਵੱਲੋਂ ਉਨ੍ਹਾਂ ਨੂੰ ਐਵਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਜਸਵੰਤ ਜ਼ੀਰਖ ਜੀ ਨੂੰ ਵਿਸ਼ੇਸ ਸਨਮਾਨ ਪੱਤਰ ਨਾਲ ਨਿਵਾਜਿਆ ਗਿਆ। ਸਮਾਗਮ 'ਚ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਖਹਿਰਾ, ਪਾਲ ਰਾਊਕੇ, ਅਮਰੀਕ ਸਿੰਘ ਆਦਿ ਨਾਮਵਰ ਸੱਜਣਾਂ ਨੇ ਵੀ ਸ਼ਮੂਲੀਅਤ ਕੀਤੀ। ਸਟੇਜ ਸੈਕਟਰੀ ਦੀ ਭੂਮਿਕਾ ਰੇਡੀਓ ਪੇਸ਼ਕਰਤਾ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਿਭਾਈ ਗਈ।