J&J ਕੰਪਨੀ ਜਲਦ ਹੀ 12 ਤੋਂ 18 ਸਾਲ ਦੇ ਕਿਸ਼ੋਰਾਂ ''ਤੇ ਕਰਨ ਜਾ ਰਹੀ ਹੈ ਵੈਕਸੀਨ ਦੀ ਟੈਸਟਿੰਗ

11/01/2020 12:42:41 AM

ਵਾਸ਼ਿੰਗਟਨ - ਦੁਨੀਆ ਵਿਚ ਕੋਰੋਨਾ ਇਨਫੈਕਟਡਾਂ ਦਾ ਅੰਕੜਾ 4.58 ਕਰੋੜ ਤੋਂ ਜ਼ਿਆਦਾ ਹੋ ਗਿਆ ਹੈ। 3.32 ਕਰੋੜ ਤੋਂ ਜ਼ਿਆਦਾ ਮਰੀਜ਼ ਰੀਕਵਰ ਹੋ ਚੁੱਕੇ ਹਨ। ਹੁਣ ਤੱਕ 11.93 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜੇ ਵਰਲਡੋਮੀਟਰ ਨੇ ਆਪਣੀ ਵੈੱਬਸਾਈਟ 'ਤੇ ਜਾਰੀ ਕੀਤੇ ਹਨ। ਉਥੇ ਹੀ ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਨੇ ਆਖਿਆ ਹੈ ਕਿ ਉਹ ਬਹੁਤ ਜਲਦ ਆਪਣੀ ਕੋਰੋਨਾ ਵੈਕਸੀਨ ਦੀ ਟੈਸਟਿੰਗ ਸ਼ੁਰੂ ਕਰਨ ਜਾ ਰਹੀ ਹੈ। ਸ਼ੁਰੂਆਤ ਵਿਚ ਇਸ ਦੀ ਡੋਜ਼ 12 ਤੋਂ 18 ਸਾਲ ਦੇ ਕਿਸ਼ੋਰਾਂ ਨੂੰ ਦਿੱਤੀ ਜਾਵੇਗੀ।

ਜਾਨਸਨ ਐਂਡ ਜਾਨਸਨ ਨੇ ਕੀ ਆਖਿਆ
ਸ਼ੁੱਕਰਵਾਰ ਨੂੰ ਅਮਰੀਕਾ ਵਿਚ ਸੈਂਟਰਸ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ. ਡੀ. ਸੀ.) ਦੀ ਮੀਟਿੰਗ ਹੋਈ। ਇਸ ਵਿਚ ਸ਼ਾਮਲ ਜਾਨਸਨ ਐਂਡ ਜਾਨਸਨ ਕੰਪਨੀ ਦੇ ਐਗਜ਼ੀਕਿਊਟਿਵ ਨੇ ਆਖਿਆ ਕਿ ਅਸੀਂ 12 ਤੋਂ 18 ਸਾਲ ਦੇ ਕਿਸ਼ੋਰਾਂ 'ਤੇ ਵੈਕਸੀਨ ਦੀ ਟੈਸਟਿੰਗ ਬਹੁਤ ਜਲਦ ਸ਼ੁਰੂ ਕਰਨ ਜਾ ਰਹੇ ਹਾਂ। ਹਾਲਾਂਕਿ ਸੁਰੱਖਿਆ ਨੂੰ ਲੈ ਕੇ ਅਸੀਂ ਕਾਫੀ ਸਾਵਧਾਨੀ ਵਰਤ ਰਹੇ ਹਾਂ। ਕਿਸ਼ੋਰਾਂ 'ਤੇ ਵੈਕਸੀਨ ਟੈਸਟਿੰਗ ਤੋਂ ਬਾਅਦ ਨਤੀਜਿਆਂ ਦੀ ਪੜਤਾਲ ਹੋਵੇਗੀ। ਇਸ ਤੋਂ ਬਾਅਦ ਵੈਕਸੀਨ ਸ਼ਾਟਸ ਦੂਜੇ ਲੋਕਾਂ ਨੂੰ ਦਿੱਤੇ ਜਾਣਗੇ। ਕੰਪਨੀ ਨੇ ਬਾਲਗਾਂ 'ਤੇ ਤੀਜੇ ਪੜਾਅ ਦੇ ਟ੍ਰਾਇਲ ਸਤੰਬਰ ਵਿਚ ਸ਼ੁਰੂ ਕੀਤੇ ਸਨ। ਕਰੀਬ 60 ਹਜ਼ਾਰ ਲੋਕਾਂ ਨੂੰ ਇਹ ਵੈਕਸੀਨ ਸ਼ਾਟ ਦਿੱਤੇ ਗਏ ਸਨ। ਇਨ੍ਹਾਂ ਦੀ ਸਮੀਖਿਆ ਚੱਲ ਰਹੀ ਹੈ। ਉਥੇ, ਫਾਈਜ਼ਰ ਅਤੇ ਜਰਮਨ ਕੰਪਨੀ ਬਾਇਓਐਨਟੈੱਕ ਦੇ ਟ੍ਰਾਇਲ ਵੀ ਆਖਰੀ ਦੌਰ ਵਿਚ ਹਨ।

ਬ੍ਰਿਟੇਨ ਵਿਚ ਕ੍ਰਿਸਮਸ ਤੋਂ ਪਹਿਲਾਂ ਵੈਕਸੀਨ
'ਦਿ ਗਾਰਡੀਅਨ' ਨਾਲ ਗੱਲਬਾਤ ਵਿਚ ਬ੍ਰਿਟੇਨ ਦੀ ਕੋਰੋਨਾ ਵੈਕਸੀਨ ਟਾਸਕ ਫੋਰਸ ਦੀ ਹੈੱਡ ਕੇਟ ਬਿੰਘਮ ਨੇ ਆਖਿਆ ਕਿ ਸਾਨੂੰ ਉਮੀਦ ਹੈ ਕਿ ਕ੍ਰਿਸਮਸ ਦੌਰਾਨ ਵੈਕਸੀਨ ਸਾਡੇ ਕੋਲ ਹੋਵੇਗੀ। ਇਹ ਸੁਰੱਖਿਅਤ ਹੋਵੇਗੀ। ਇਸ ਦੇ ਲਈ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ ਅਤੇ ਅਸੀਂ ਹੁਣ ਤੱਕ ਦੇ ਨਤੀਜਿਆਂ ਤੋਂ ਕਾਫੀ ਸੰਤੁਸ਼ਟ ਹਾਂ। ਹਾਲਾਂਕਿ ਕੁਝ ਦਿੱਕਤਾਂ ਵੀ ਹਨ, ਪਰ ਇਨ੍ਹਾਂ ਨੂੰ ਆਉਣ ਵਾਲੇ ਹਫਤਿਆਂ ਵਿਚ ਸੁਲਝਾ ਲਿਆ ਜਾਵੇਗਾ। ਕੇਟ ਨੇ ਕੰਪਨੀ ਦਾ ਨਾਂ ਤਾਂ ਨਹੀਂ ਦੱਸਿਆ, ਪਰ ਮੰਨਿਆ ਜਾ ਰਿਹਾ ਹੈ ਕਿ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੈਨੇਕਾ ਵੈਕਸੀਨ ਤਿਆਰ ਕਰਨ ਦੇ ਕਰੀਬ ਹੈ। ਕੁਝ ਦੂਜੀਆਂ ਕੰਪਨੀਆਂ ਵੀ ਇਸ 'ਤੇ ਦਿਨ-ਰਾਤ ਕੰਮ ਕਰ ਰਹੀਆਂ ਹਨ।


Khushdeep Jassi

Content Editor

Related News