ਈਰਾਨੀ ਤੇਲ ਟੈਂਕਰ ’ਚ ਲਗਾਤਾਰ ਹੋ ਰਹੇ ਨੇ ਧਮਾਕੇ

01/12/2018 7:35:34 PM

ਬੀਜਿੰਗ (ਰਾਇਟਰ)- ਈਰਾਨੀ ਤੇਲ ਟੈਂਕਰ ਸਾਂਚੀ ’ਚ ਲੱਗੀ ਭਿਆਨਕ ਅੱਗ ਅਤੇ ਉਸ ਵਿਚ ਲਗਾਤਾਰ ਹੋ ਰਹੇ ਧਮਾਕਿਆਂ ਨਾਲ ਅੱਗ ਬੁਝਾਉਣ ਅਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵਿਚ ਅੜਿੱਕਾ ਆ ਰਿਹਾ ਹੈ। ਅੱਗ ਦੀਆਂ ਤੇਜ਼ ਲਪਟਾਂ ਨਾਲ ਜਹਾਜ਼ ਦੇ ਟੁੱਟਣ ਅਤੇ ਉਸ ਦੇ ਡੁੱਬਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਨੇ ਟਰਾਂਸਪੋਰਟ ਮੰਤਰਾਲੇ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਇਸ ਜਹਾਜ਼ ਵਿਚ ਲੱਗੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਇਕ ਹਫਤੇ ਤੋਂ ਜਾਰੀ ਹੈ।

ਬੀਤੇ ਸ਼ਨੀਵਾਰ ਨੂੰ ਇਕ ਮਾਲ ਢੋਣ ਵਾਲੇ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਇਸ ਤੇਲ ਟੈਂਕਰ ਵਿਚ ਅੱਗ ਲੱਗ ਗਈ ਸੀ। ਤਿੰਨ ਮੀਟਰ ਉੱਚੀਆਂ ਲਹਿਰਾਂ ਉੱਠਣ ਅਤੇ ਤੇਜ਼ ਹਵਾਵਾਂ ਚੱਲਣ ਵਰਗੇ ਖਰਾਬ ਮੌਸਮ ਅਤੇ ਤੇਲ ਨੂੰ ਅੱਗ ਲੱਗਣ ਕਾਰਨ ਜ਼ਹਿਰੀਲਾ ਧੂਆਂ ਉਠ ਰਿਹਾ ਹੈ ਅਤੇ ਇਸ ਧੂਏਂ ਕਾਰਨ ਰਾਹਤ ਕਾਰਜ ਵਿਚ ਮੁਸ਼ਕਲ ਆ ਰਹੀ ਹੈ। ਫੋਮ ਦੇ ਨਾਲ ਅੱਗ ’ਤੇ ਕਾਬੂ ਪਾਉਣ ਲਈ ਗਈਆਂ ਟੀਮਾਂ ਦੀਆਂ ਦਰਜਨਾਂ ਕਿਸ਼ਤੀਆਂ ਨੂੰ ਬੀਤੇ ਬੁੱਧਵਾਰ ਨੂੰ ਧਮਾਕੇ ਹੋਣ ਕਾਰਨ ਵਾਪਸ ਬੁਲਾ ਲਿਆ।