ਆਪਣੀ ਨਵ-ਜੰਮੀ ਬੱਚੀ ਤੋਂ ਦੂਰ ਰਹਿਣਾ ਪਿਆ ਮਾਂ ਨੂੰ, ਆਰਥਿਕ ਤੰਗੀ ਬਣੀ ਮਜਬੂਰੀ
Wednesday, Feb 14, 2018 - 01:43 PM (IST)

ਗਬੋਨ— ਅਫਰੀਕਾ ਦੇ ਇਕ ਦੇਸ਼ ਗਬੋਨ 'ਚ ਇਕ ਮਾਂ ਨੇ ਜਨਮ ਦੇ 5 ਮਹੀਨਿਆਂ ਬਾਅਦ ਆਪਣੀ ਛੋਟੀ ਜਿਹੀ ਬੱਚੀ ਨੂੰ ਇਕ ਨਿੱਜੀ ਹਸਪਤਾਲ 'ਚੋਂ ਆਜ਼ਾਦ ਕਰਵਾਉਣ ਮਗਰੋਂ ਸੁੱਖ ਦਾ ਸਾਹ ਲਿਆ। ਬੱਚੀ ਦੇ ਜਨਮ ਮਗਰੋਂ ਜਦ ਪਰਿਵਾਰ ਹਸਪਤਾਲ ਦੇ ਬਿੱਲ ਦਾ ਭੁਗਤਾਨ ਨਾ ਕਰ ਸਕਿਆ ਤਾਂ ਹਸਪਤਾਲ ਨੇ ਬੱਚੀ ਨੂੰ ਹੀ ਕੈਦ ਕਰ ਲਿਆ। ਗਬੋਨ ਦੇ ਇਕ ਨਿੱਜੀ ਹਸਪਤਾਲ ਨੇ ਪੈਸਿਆਂ ਕਾਰਨ ਬੱਚੀ ਨੂੰ ਉਸ ਦੀ ਮਾਂ ਤੋਂ ਦੂਰ ਰੱਖਿਆ।
ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਪੂਰੇ ਦੇਸ਼ 'ਚ ਇਸ ਪਰਿਵਾਰ ਦੀ ਮਦਦ ਲਈ ਇਕ ਮੁਹਿੰਮ ਚਲਾਈ ਗਈ। ਇਸ ਦੇ ਤਹਿਤ 3,630 ਡਾਲਰਾਂ ਦੀ ਰਾਸ਼ੀ ਜਮ੍ਹਾਂ ਕਰਵਾ ਕੇ ਹਸਪਤਾਲ ਦਾ ਬਿੱਲ ਚੁਕਾਇਆ ਗਿਆ। ਖਾਸ ਗੱਲ ਇਹ ਹੈ ਕਿ ਗਬੋਨ ਦੇ ਰਾਸ਼ਟਰਪਤੀ ਅਲੀ ਬੋਂਗੋ ਨੇ ਵੀ ਇਸ ਮੁਹਿੰਮ ਤਹਿਤ ਕੁੱਝ ਰਾਸ਼ੀ ਜਮ੍ਹਾਂ ਕੀਤੀ ਸੀ। ਸੂਤਰਾਂ ਮੁਤਾਬਕ ਸੋਮਵਾਰ ਨੂੰ ਇਸ ਮਾਮਲੇ ਨਾਲ ਜੁੜੇ ਨਿੱਜੀ ਹਸਪਤਾਲ ਦੇ ਨਿਰਦੇਸ਼ਕ 'ਤੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਕ ਦਿਨ ਮਗਰੋਂ ਇਹ ਮਾਮਲਾ ਵਾਪਸ ਲੈ ਲਿਆ ਗਿਆ। ਬੱਚੀ ਦੀ ਮਾਂ ਸੋਨੀਆ ਓਕੋਮੇ ਨੇ ਦੱਸਿਆ ਕਿ ਉਹ ਆਪਣੀ ਬੱਚੀ ਨੂੰ ਮੁੜ ਮਿਲ ਕੇ ਬਹੁਤ ਖੁਸ਼ ਹੈ ਪਰ ਉਸ ਨੂੰ ਦੁੱਖ ਹੈ ਕਿ ਉਹ ਬੱਚੀ ਨੂੰ ਆਪ ਸੰਭਾਲ ਨਾ ਸਕੀ। ਉਨ੍ਹਾਂ ਦੱਸਿਆ ਕਿ ਬੱਚੀ ਪ੍ਰੀਮੈਚਿਓਰ ਸੀ ਅਤੇ ਉਸ ਨੂੰ ਇਲਾਜ ਲਈ 35 ਦਿਨਾਂ ਤਕ ਇਨਕਿਊਬੇਟਰ 'ਚ ਰੱਖਿਆ ਗਿਆ ਸੀ, ਜਿਸ ਦਾ ਬਿੱਲ ਪਰਿਵਾਰ ਭਰ ਨਾ ਸਕਿਆ। ਇਸ ਮਗਰੋਂ ਹਸਪਤਾਲ ਨੇ ਬੱਚੀ ਨੂੰ ਮਾਂ ਤੋਂ ਦੂਰ ਰੱਖਿਆ।