ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਸੱਦਣ ਦਾ ਸੁਨਹਿਰੀ ਮੌਕਾ

09/08/2019 4:42:49 PM

ਟੋਰਾਂਟੋ— ਕੈਨੇਡਾ ਸਰਕਾਰ ਵਲੋਂ ਮੁਲਕ 'ਚ ਰਹਿ ਰਹੇ ਪਰਵਾਸੀਆਂ ਨੂੰ ਇਕ ਸੁਨਹਿਰੀ ਮੌਕਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਉਹ ਆਪਣੇ ਜੱਦੀ ਮੁਲਕ 'ਚ ਰਹਿ ਰਹੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਸੱਦ ਸਕਣਗੇ। ਨਵੀਂ ਯੋਜਨਾ 9 ਸਤੰਬਰ ਨੂੰ ਸ਼ੁਰੂ ਹੋਣ ਵਾਲੀ ਹੈ, ਜੋ ਕਿ ਦੋ ਸਾਲ ਤੱਕ ਜਾਰੀ ਰਹੇਗੀ।

ਮੀਗ੍ਰੇਸ਼ਨ ਤੇ ਸਿਟੀਜ਼ਨ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਦੀ ਪੀ.ਆਰ. ਲਈ ਅਰਜ਼ੀਆਂ ਦਾਇਰ ਕਰਨ ਵੇਲੇ ਪਰਵਾਸੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ, ਜਿਵੇਂ ਜੀਵਨ ਸਾਥੀ, ਕਾਮਨ ਲਾਅ ਪਾਰਟਨਰ ਤੇ ਨਿਰਭਰ ਬੱਚਿਆਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੀ ਹਿਦਾਇਤ ਦਿੱਤੀ ਗਈ ਹੈ ਪਰ ਕੁਝ ਲੋਕ ਇਸ ਤੋਂ ਖੁੰਝ ਜਾਂਦੇ ਹਨ। ਵੱਖ-ਵੱਖ ਕਾਰਨਾਂ ਕਰਕੇ ਪਰਵਾਸੀਆਂ ਵਲੋਂ ਪੀ.ਆਰ. ਦੀ ਅਰਜ਼ੀ 'ਚ ਪਰਿਵਾਰ ਦੇ ਕੁਝ ਮੈਂਬਰਾਂ ਬਾਰੇ ਕੋਈ ਵੇਰਵਾ ਦਰਜਾ ਨਹੀਂ ਕੀਤਾ ਜਾਂਦਾ ਹੈ ਤੇ ਅਜਿਹਾ ਹੋਣ ਕਾਰਨ ਉਹ ਪੂਰੀ ਜ਼ਿੰਦਗੀ ਲਈ ਕੈਨੇਡਾ ਦੀ ਸਪਾਂਸਰਸ਼ਿੱਪ ਤੋਂ ਵਾਂਝੇ ਰਹਿ ਜਾਂਦੇ ਹਨ। ਪਰ 9 ਸਤੰਬਰ ਤੋਂ ਸ਼ੁਰੂ ਹੋ ਰਹੇ ਪਾਇਲਟ ਪ੍ਰਾਜੈਕਟ ਅਧੀਨ ਕੈਨੇਡਾ 'ਚ ਰਹਿ ਰਹੇ ਪਰਵਾਸੀ ਤੇ ਰਫਿਊਜੀ ਆਪਣੇ ਅਣਐਲਾਨੇ ਪਰਿਵਾਰਕ ਮੈਂਬਰਾਂ ਨੂੰ ਸਪਾਂਸਰ ਕਰ ਸਕਣਗੇ, ਜਿਨ੍ਹਾਂ 'ਚ ਸਪਾਊਂਸ, ਪਾਰਟਨਰ ਜਾਂ ਨਿਰਭਰ ਬੱਚੇ ਸ਼ਾਮਲ ਹਨ।

ਪਾਇਲਟ ਪ੍ਰੋਜੈਕਟ ਤਹਿਤ ਨਵੇਂ ਪਰਵਾਸੀ ਵੀ ਆਪਣੇ ਅਣਐਲਾਨੇ ਪਰਿਵਾਰਕ ਮੈਂਬਰਾਂ ਨੂੰ ਸਪਾਂਸਰ ਕਰਨ ਯੋਗ ਮੰਨੇ ਜਾਣਗੇ। ਫਿਰ ਵੀ ਕਿਸੇ ਕਿਸਮ ਦੀ ਧੋਖਾਧੜੀ ਜਾਂ ਗੁੰਮਰਾਹ ਕਰਨ ਵਾਲੀ ਜਾਣਕਾਰੀ ਨੂੰ ਰੋਕਣ ਦੇ ਮਕਸਦ ਨਾਲ ਇੰਮੀਗ੍ਰੇਸ਼ਨ ਵਿਭਾਗ ਵਲੋਂ ਯੋਗਤਾ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ, ਜਿਨ੍ਹਾਂ ਤਹਿਤ ਸਪਾਂਸਰਸ਼ਿੱਪ ਪ੍ਰਾਪਤ ਕਰਨ ਵਾਲੇ ਵਿਅਕਤੀ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ ਤੇ ਅਤੀਤ 'ਚ ਕੈਨੇਡਾ 'ਚ ਦਾਖਲ ਹੋਣ 'ਤੇ ਪਾਬੰਦੀ ਨਹੀਂ ਲੱਗੀ ਹੋਣੀ ਚਾਹੀਦੀ।

Baljit Singh

This news is Content Editor Baljit Singh