'ਦੁਨੀਆ ਭਰ ਦੇ ਬੱਚਿਆਂ ਦਾ ਭਵਿੱਖ ਖਤਰੇ 'ਚ'

02/19/2020 8:02:35 PM

ਵਾਸ਼ਿੰਗਟਨ (ਏਜੰਸੀ)- ਇਹ ਰਿਪੋਰਟ ਸੰਯੁਕਤ ਰਾਸ਼ਟਰ ਨੇ ਤਿਆਰ ਕਰਵਾਈ ਹੈ। ਇਸ 'ਚ ਕਿਹਾ ਗਿਆ ਹੈ ਕਿ ਦੁਨੀਆ 'ਚ ਹਰ ਬੱਚੇ ਦਾ ਭਵਿੱਖ ਦਾਅ 'ਤੇ ਲੱਗਾ ਹੋਇਆ ਹੈ ਕਿਉਂਕਿ ਦੁਨੀਆ ਦੇ ਦੇਸ਼ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘੱਟ ਕਰਨ ਵਿਚ ਨਾਕਾਮ ਸਾਬਿਤ ਹੋ ਰਹੇ ਹਨ। ਰਿਪੋਰਟ ਕਹਿੰਦੀ ਹੈ ਕਿ ਬੱਚਿਆਂ ਨੂੰ ਸਵੱਛ ਅਤੇ ਸਾਫ ਵਾਤਾਵਰਣ ਨਹੀਂ ਦਿੱਤਾ ਜਾ ਰਿਹਾ, ਜੋ ਉਨ੍ਹਾਂ ਦੇ ਵਿਕਾਸ ਅਤੇ ਸਿਹਤ ਲਈ ਬਹੁਤ ਜ਼ਰੂਰੀ ਹੈ।

ਇਸ ਰਿਪੋਰਟ ਨੂੰ ਬੱਚਿਆਂ ਅਤੇ ਅੱਲ੍ਹੜਾਂ ਦੀ ਸਿਹਤ 'ਤੇ ਮੁਹਾਰਤ ਰੱਖਣ ਵਾਲੇ 40 ਤੋਂ ਜ਼ਿਆਦਾ ਲੋਕਾਂ ਨੇ ਤਿਆਰ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਈਕੋ ਤੰਤਰ ਨੂੰ ਹੋਣ ਵਾਲੇ ਨੁਕਸਾਨ, ਲੋਕਾਂ ਦੇ ਬੇਘਰ ਹੋਣ, ਸੰਘਰਸ਼, ਅਸਮਾਨਤਾ ਅਤੇ ਵਪਾਰਕ ਫਾਇਦਿਆਂ ਲਈ ਕਾਰੋਬਾਰੀ ਤੌਰ ਤਰੀਕਿਆਂ ਦੀ ਵਜ੍ਹਾ ਨਾਲ ਹਰ ਦੇਸ਼ ਵਿਚ ਬੱਚਿਆਂ ਦੀ ਸਿਹਤ ਅਤੇ ਉਨ੍ਹਾਂ ਦਾ ਭਵਿੱਖ ਖਤਰੇ ਵਿਚ ਹੈ।
ਰਿਪੋਰਟ ਮੁਤਾਬਕ ਅਮੀਰ ਦੇਸ਼ਾਂ 'ਚ ਰਹਿਣ ਵਾਲੇ ਬੱਚੇ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਦੇ ਮਾਮਲੇ ਵਿਚ ਬਿਹਤਰ ਸਥਿਤੀ ਵਿਚ ਹੈ ਪਰ ਇਹੀ ਅਮੀਰ ਦੇਸ਼ ਸਭ ਤੋਂ ਜ਼ਿਆਦਾ ਕਾਰਬਨ ਉਤਸਰਜਨ ਕਰ ਰਹੇ ਹਨ ਜੋ ਸਾਰੇ ਬੱਚਿਆਂ ਲਈ ਖਤਰਾ ਪੈਦਾ ਕਰ ਰਿਹਾ ਹੈ।

ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਹੇਲੇਨ ਕਲਾਰਕ ਉਸ ਕਮਿਸ਼ਨ ਦੀ ਪ੍ਰਧਾਨ ਹੈ ਜਿਸ ਨੇ ਇਹ ਰਿਪੋਰਟ ਤਿਆਰ ਕਰਵਾਈ ਹੈ ਉਹ ਕਹਿੰਦੀ ਹੈ, ਬੱਚਿਆਂ ਅਤੇ ਅੱਲ੍ਹੜਾਂ ਦੀ ਸਿਹਤ ਪ੍ਰਤੀ ਸਾਰੇ ਦੇਸ਼ਾਂ ਨੂੰ ਆਪਣੀ ਸੋਚ ਵਿਚ ਆਮੂਲ ਚੂਲ ਬਦਲਾਅ ਲਿਆਉਣਾ ਹੋਵੇਗਾ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਅਸੀਂ ਨਾ ਸਿਰਫ ਆਪਣੇ ਬੱਚਿਆਂ ਦਾ ਖਿਆਲ ਰੱਖੀਏ, ਸਗੋਂ ਉਸ ਦੁਨੀਆ ਨੂੰ ਵੀ ਬਚਾਈਏ ਜੋ ਅੱਗੇ ਚੱਲ ਕੇ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੇਗੀ।

ਰਿਪੋਰਟ ਵਿਚ ਵਪਾਰਕ ਖੇਤਰ ਵਲੋਂ ਬੱਚਿਆਂ ਲਈ ਪੈਦਾ ਹੋਣ ਵਾਲੇ ਖਤਰਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜੰਕ ਫੂਡ, ਬਹੁਤ ਜ਼ਿਆਦਾ ਸ਼ੂਗਰ ਅਤੇ ਫੈਟ ਵਾਲੇ ਖੁਰਾਕੀ ਪਦਾਰਥਾਂ ਦੀ ਮਾਰਕੀਟਿੰਗ ਅਤੇ ਇਸ਼ਤਿਹਾਰਾਂ ਕਾਰਨ ਬੱਚਿਆਂ ਵਿਚ ਮੋਟਾਪੇ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਰਿਪੋਰਟ ਮੁਤਾਬਕ ਮੋਟਾਪੇ ਦੇ ਸ਼ਿਕਾਰ ਬੱਚਿਆਂ ਅਤੇ ਅੱਲ੍ਹੜਾਂ ਦੀ ਜੋ ਗਿਣਤੀ 1975 ਵਿਚ 1.1 ਕਰੋੜ ਸੀ, ਉਹ 2016 ਵਿਚ ਵੱਧ ਕੇ 12.4 ਕਰੋੜ ਹੋ ਗਈ।

ਬੱਚਿਆਂ ਦਾ ਸਾਹਮਣਾ ਅਜਿਹੇ ਉਤਪਾਦਾਂ ਦੇ ਇਸ਼ਤਿਹਾਰਾਂ ਨਾਲ ਵੀ ਹੋ ਰਿਹਾ ਹੈ ਜੋ ਵੱਡਿਆਂ ਲਈ ਤਿਆਰ ਕੀਤੇ ਗਏ ਹਨ। ਇਨ੍ਹਾਂ ਵਿਚ ਸ਼ਰਾਬ, ਤੰਬਾਕੂ ਅਤੇ ਜੂਆ ਸ਼ਾਮਲ ਹੈ। ਇਨ੍ਹਾਂ ਚੀਜਾਂ ਦੇ ਇਸ਼ਤਿਹਾਰ ਦੇਖ ਕੇ ਬੱਚਿਆਂ ਵਿਚ ਵੀ ਇਨ੍ਹਾਂ ਦੇ ਪ੍ਰਤੀ ਲਾਲਸਾ ਵੱਧਦੀ ਹੈ। ਰਿਪੋਰਟ ਕਹਿੰਦੀ ਹੈ ਕਿ 2015 ਵਿਚ ਵਿਕਾਸ ਦੇ ਜਿਨ੍ਹਾਂ ਟੀਚਿਆਂ 'ਤੇ ਸਹਿਮਤੀ ਬਣੀ ਸੀ, ਉਨ੍ਹਾਂ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੇ ਕੇਂਦਰ ਵਿਚ ਬੱਚਿਆਂ ਨੂੰ ਰੱਖਿਆ ਜਾਣਾ ਚਾਹੀਦਾ ਹੈ।


Sunny Mehra

Content Editor

Related News