ਪਹਿਲਾ ਪੱਗੜੀਧਾਰੀ ਸਿੱਖ ਨਾਰਵੇ ਵਿਚ ਬਣਿਆ ਕੌਂਸਲਰ

09/15/2019 5:38:46 PM

ਦਰਮਨ (ਨਾਰਵੇ) (ਏਜੰਸੀ)- ਨਾਰਵੇ ਦੇ ਸ਼ਹਿਰ ਦਰਮਨ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਜੰਮਪਲ ਅੰਮ੍ਰਿਤਪਾਲ ਸਿੰਘ ਪਹਿਲੇ ਪੰਜਾਬੀ ਮਿਉਂਸਿਪਲ ਕੌਂਸਲਰ ਚੁਣੇ ਗਏ, ਜੋ ਕਿ ਪਿਛਲੀਆਂ ਚੋਣਾਂ ’ਚ ਡਿਪਟੀ ਕੌਂਸਲਰ ਚੁਣੇ ਗਏ ਸਨ। ਉਹ ਨਾਰਵੇ ਵਿੱਚ ਇਕੋ-ਇਕ ਦਸਤਾਰਧਾਰੀ ਸਿੱਖ ਨੌਜਵਾਨ ਹਨ, ਜਿਨ੍ਹਾਂ ਨੂੰ ਕੌਂਸਲਰ ਬਣਨ ਦਾ ਮਾਣ ਹਾਸਲ ਹੋਇਆ ਹੈ। ਉਨ੍ਹਾਂ ਦੇ ਪਿਤਾ ਨਿਰਪਾਲ ਸਿੰਘ ਔਜਲਾ ਸਾਲ 1970 ’ਚ ਨਾਰਵੇ ਚਲੇ ਗਏ ਸਨ।
34 ਉਮੀਦਵਾਰਾਂ ਨੂੰ ਹਰਾ ਕੇ ਹਾਸਲ ਕੀਤੀ ਸ਼ਾਨਦਾਰ ਜਿੱਤ
ਅੰਮ੍ਰਿਤਪਾਲ ਨੇ ਹੋਈਰੇ ਪਾਰਟੀ ਵੱਲੋਂ ਚੋਣ ਲੜੀ ਅਤੇ 34 ਉਮੀਦਵਾਰਾਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਜ਼ਿਕਰਯੋਗ ਹੈ ਪਿਛਲੇ ਦਿਨੀਂ ਨਾਰਵੇ ਦੀ ਸਰਕਾਰ ਨੇ ਜਦੋਂ ਸਿੱਖਾਂ ਨੂੰ ਕੰਨਾਂ ਤੋਂ ਉਪਰ ਪੱਗ ਬੰਨ੍ਹ ਕੇ ਖਿਚਵਾਈ ਤਸਵੀਰ ਪਾਸਪੋਰਟ ਉੱਤੇ ਲਾਉਣ ਦੀ ਹਦਾਇਤ ਕੀਤੀ ਸੀ ਤਾਂ ਅੰਮ੍ਰਿਤਪਾਲ ਸਿੰਘ ਨੇ ‘ਯੰਗ ਸਿੱਖ ਗਰੁੱਪ’ ਅਤੇ ਹੋਰ ਸਿੱਖ ਨੁਮਾਇੰਦਿਆਂ ਨਾਲ਼ ਮਿਲ ਕੇ ਇਹ ਮੁੱਦਾ ਭਾਰਤ ਸਰਕਾਰ ਤੱਕ ਪਹੁੰਚਾਇਆ, ਜਿਸ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ’ਤੇ ਗੌਰ ਕਰਨ ਦਾ ਭਰੋਸਾ ਦਿੱਤਾ ਸੀ।
ਸਿੰਘ ਨੇ ਇਕਨਾਮਿਕਸ ਤੇ ਫਾਇਨਾਂਸ 'ਚ ਪ੍ਰਾਪਤ ਕੀਤੀਆਂ ਮਾਸਟਰ ਡਿਗਰੀਆਂ
ਅੰਮ੍ਰਿਤਪਾਲ ਸਿੰਘ ਕਪੂਰਥਲਾ ਪਬਲਿਕ ਹਾਈ ਸਕੂਲ ਵਿੱਚ ਦਸਵੀਂ ਪਾਸ ਕਰਨ ਮਗਰੋਂ ਸਾਲ 1994 ਵਿੱਚ ਆਪਣੇ ਪਿਤਾ ਕੋਲ ਚਲਾ ਗਿਆ ਸੀ। ਅੰਮ੍ਰਿਤਪਾਲ ਸਿੰਘ ਨੇ ਨਾਰਵੇ ਜਾ ਕੇ ਇਕਨਾਮਿਕਸ ਤੇ ਫਾਇਨਾਂਸ ਵਿੱਚ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ। ਉਹ ਨਾਰਵੇ ’ਚ ਇਨਕਮ ਟੈਕਸ ਕਮਿਸ਼ਨਰ ਦੇ ਅਹੁਦੇ ’ਤੇ ਵੀ ਤਾਇਨਾਤ ਰਿਹਾ। ਮੌਜੂਦਾ ਸਮੇਂ ਉਹ ਬਹੁ ਕੌਮੀ ਕੰਪਨੀ ‘ਨੌਰਸ਼ਕ ਹੀਦਰੋ’ ਵਿੱਚ ਬਤੌਰ ਡਾਇਰੈਕਟਰ ਸੇਵਾਵਾਂ ਨਿਭਾਅ ਰਿਹਾ ਹੈ ਅਤੇ ਟਰੇਡ ਯੂਨੀਅਨ ਦੀ ਕਾਰਜਕਾਰੀ ਕਮੇਟੀ ਦਾ ਮੈਂਬਰ ਹੈ। 
ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ, ਲਿਖਾਰੀ ਸਭਾ ਫਤਹਿਗੜ੍ਹ ਸਾਹਿਬ ਦੀ ਜਨਰਲ ਸਕੱਤਰ ਤੇ ਲੇਖਕ ਪਰਮਜੀਤ ਕੌਰ ਸਰਹਿੰਦ ਦੇ ਜਵਾਈ ਹਨ। ਇਸ ਸਬੰਧੀ ਪਰਮਜੀਤ ਕੌਰ ਸਰਹਿੰਦ ਦੇ ਪਰਿਵਾਰ ਨੂੰ ਜਵਾਈ ਦੇ ਮਿਉਂਸਿਪਲ ਕੌਂਸਲਰ ਬਣਨ ’ਤੇ ਲਿਖਾਰੀ ਸਭਾ ਦੇ ਅਹੁਦੇਦਾਰਾਂ ਤੇ ਸਾਹਿਤਕਾਰਾਂ ਸਮੇਤ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਰਮਜੀਤ ਕੌਰ ਸਰਹਿੰਦ ਅਤੇ ਉਨ੍ਹਾਂ ਦੇ ਪਤੀ ਊਧਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਈ ਦੇ ਨਾਰਵੇ ਵਿੱਚ ਕੌਂਸਲਰ ਬਣਨ ’ਤੇ ਉਹ ਬਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦਾ ਵਿਆਹ ਸਾਲ 2005 ਵਿੱਚ ਉਨ੍ਹਾਂ ਦੀ ਧੀ ਡਾ. ਮਨਦੀਪ ਕੌਰ (ਡੈਂਟਲ ਸਰਜਨ) ਨਾਲ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਜਵਾਈ ਦੀ ਜਿੱਤ ਦੀ ਪ੍ਰਾਪਤੀ ’ਤੇ ਖ਼ੁਸ਼ ਹਨ। ਅੰਮ੍ਰਿਤਪਾਲ ਸਿੰਘ ਕੋਲ ਦੋ ਬੱਚੇ ਪਾਹੁਲ ਸਿੰਘ ਤੇ ਰਿਦਮ ਕੌਰ ਹਨ।

Sunny Mehra

This news is Content Editor Sunny Mehra