ਪਾਕਿਸਤਾਨ ਦੀ ਨਵ-ਨਿਯੁਕਤ ਨੈਸ਼ਨਲ ਅਸੈਂਬਲੀ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ

08/10/2018 4:36:19 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੀ ਨਵੀਂ ਬਣੀ ਨੈਸ਼ਨਲ ਅਸੈਂਬਲੀ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਪਾਕਿਸਤਾਨ ਵਿਚ ਅਸੈਂਬਲੀ ਚੋਣਾਂ ਤੋਂ 19 ਦਿਨਾਂ ਬਾਅਦ ਹੇਠਲੇ ਸਦਨ ਦੀ ਮੀਟਿੰਗ ਸ਼ੁਰੂ ਹੋ ਰਹੀ ਹੈ। ਦੱਸ ਦਈਏ ਕਿ ਅਸੈਂਬਲੀ ਚੋਣਾਂ ਵਿਚ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਹੈ।

ਸੋਮਵਾਰ ਨੂੰ ਸੈਸ਼ਨ ਦੇ ਪਹਿਲੇ ਦਿਨ ਹੇਠਲੇ ਸਦਨ ਲਈ ਨਵ ਨਿਯੁਕਤ ਮੈਂਬਰ ਸਹੁੰ ਚੁੱਕਣਗੇ। ਇਸ ਤੋਂ ਬਾਅਦ ਸਦਨ ਦੇ ਸਪੀਕਰ, ਡਿਪਟੀ ਸਪੀਕਰ ਦੀਆਂ ਚੋਣਾਂ ਵੀ ਹੋਣਗੀਆਂ। ਸਪੀਕਰ ਦੀ ਚੋਣ ਤੋਂ ਬਾਅਦ ਹੀ ਨਵ ਨਿਯੁਕਤ ਮੈਂਬਰ ਆਪਣੇ ਨੇਤਾ (ਪ੍ਰਧਾਨ ਮੰਤਰੀ) ਦੀ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਕਰਨਗੇ। ਰਾਸ਼ਟਰਪਤੀ ਮਮਨੂਨ ਹੁਸੈਨ ਨੇ ਕਾਰਜਵਾਹਕ ਪ੍ਰਧਾਨ ਮੰਤਰੀ ਨਸੀਰੁਲ ਮੁਲਕ ਵਲੋਂ ਭੇਜੀ ਗਈ ਸਿਫਾਰਿਸ਼ ਤੋਂ ਬਾਅਦ 15ਵੀਂ ਨੈਸ਼ਨਲ ਅਸੈਂਬਲੀ ਦੇ ਸੈਸ਼ਨ ਨੂੰ ਬੁਲਾਇਆ ਹੈ। ਰਾਸ਼ਟਰਪਤੀ ਨੇ ਇਸ ਉਮੀਦ ਦੀ ਸਿਫਾਰਿਸ਼ ਸੰਸਦੀ ਮਾਮਲਿਆਂ ਦੇ ਮੰਤਰਾਲਾ ਨੂੰ ਭੇਜਿਆ ਹੈ। ਸੰਵਿਧਾਨ ਤਹਿਤ ਚੋਣਾਂ ਤੋਂ 21 ਦਿਨਾਂ ਅੰਦਰ ਨੈਸ਼ਨਲ ਅਸੈਂਬਲੀ ਦਾ ਪਹਿਲਾ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ।

ਸਦਨ ਵਿਚ ਬਹੁਮਤ ਦਾ ਦਾਅਵਾ ਕਰਨ ਵਾਲੇ ਇਮਰਾਨ ਦੀ ਪਾਰਟੀ ਪੀ.ਟੀ.ਆਈ. 342 ਮੈਂਬਰਾਂ ਵਾਲੇ ਸਦਨ ਵਿਚ ਘੱਟੋ-ਘੱਟ 180 ਸੰਸਦ ਮੈਂਬਰਾਂ ਦੀ ਹਮਾਇਤ ਕਰਨ ਦਾ ਦਾਅਵਾ ਕਰ ਰਹੀ ਹੈ। ਦੱਸ ਦਈਏ ਕਿ 25 ਜੁਲਾਈ ਨੂੰ ਪਾਕਿਸਤਾਨ ਵਿਚ ਨੈਸ਼ਨਲ ਅਸੈਂਬਲੀ ਦੀ ਚੋਣ ਹੋਈ ਸੀ। ਸੰਵਿਧਾਨ ਮੁਤਾਬਕ ਚੋਣਾਂ ਦੀ ਮਿਆਦ ਤੋਂ ਬਾਅਦ 15 ਅਗਸਤ ਤੱਕ ਸੈਸ਼ਨ ਨੂੰ ਬੁਲਾਉਣਾ ਲਾਜ਼ਮੀ ਹੈ।ਓਧਰ, ਇਸ ਮਾਮਲੇ ਵਿਚ ਪੀ.ਟੀ.ਆਈ. ਦੇ ਤਰਜਮਾਨ ਫਵਾਦ ਚੌਧਰੀ ਨੇ ਕਿਹਾ ਕਿ ਖਾਨ 14 ਅਗਸਤ ਨੂੰ ਦੇਸ਼ ਦੇ ਸੁਤੰਤਰਤਾ ਦਿਵਸ 'ਤੇ ਸਹੁੰ ਚੁੱਕਣ ਨੂੰ ਉਤਸ਼ਾਹਿਤ ਸਨ।

ਉਨ੍ਹਾਂ ਕਿਹਾ ਕਿ ਪਰ ਅਸੈਂਬਲੀ ਚੋਣਾਂ ਵਿਚ ਕੁਝ ਰਸਮਾਂ ਕਾਰਨ 15 ਅਗਸਤ ਤੋਂ ਪਹਿਲਾਂ ਸਹੁੰ ਨਹੀਂ ਚੁੱਕ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਰਾਸ਼ਟਰਪਤੀ ਹੁਸੈਨ 16 ਅਗਸਤ ਨੂੰ ਆਇਰਲੈਂਡ ਦੀ ਤਿੰਨ ਦਿਨਾਂ ਯਾਤਰਾ 'ਤੇ ਹੋਣਗੇ, ਜਿਸ ਦੋ ਚਲਦੇ ਇਮਰਾਨ ਦੇ ਸਹੁੰ ਚੁੱਕ ਸਮਾਗਮ ਵਿਚ ਦੇਰੀ ਹੋ ਸਕਦੀ ਹੈ।ਹਾਲਾਂਕਿ ਪੀ.ਟੀ.ਆਈ. ਨੇ ਰਾਸ਼ਟਰਪਤੀ ਤੋਂ ਯਾਤਰਾ ਛੱਡਣ ਜਾਂ ਅੱਗੇ ਵਧਣ ਦੀ ਅਪੀਲ ਕੀਤੀ ਹੈ ਪਰ ਚੌਧਰੀ ਨੇ ਕਿਹਾ ਕਿ ਸਹੁੰ ਚੁੱਕਣ ਵਿਚ ਦੇਰੀ ਨਹੀਂ ਹੋਵੇਗੀ ਕਿਉਂਕਿ ਸੈਨੇਟ ਦੇ ਪ੍ਰਧਾਨ ਸਾਦਿਕ ਰਾਸ਼ਟਰਪਤੀ ਦੀ ਗੈਰ ਮੌਜੂਦਗੀ ਵੀ ਕਾਰਜਕਾਰੀ ਪ੍ਰਧਾਨ ਦੇ ਰੂਪ ਵਿਚ ਸਹੁੰ ਦਿਵਾ ਸਕਦੇ ਹਨ।