ਹਿੰਦੂ ਕੁੜੀ ਨੂੰ ਦਫਨਾਉਣ ਦੇ ਮਾਮਲੇ ''ਚ 4 ਸਾਲ ਬਾਅਦ ਆਇਆ ਫੈਸਲਾ

Monday, Apr 16, 2018 - 05:34 PM (IST)

ਢਾਕਾ (ਬਿਊਰੋ)— ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿਚ ਇਕ ਅਜਿਹੀ ਹਿੰਦੂ ਲੜਕੀ ਦੀ ਲਾਸ਼ ਨੂੰ ਉਸ ਦੇ ਪਤੀ ਨਾਲ ਦਫਨਾਉਣ ਦਾ ਆਦੇਸ਼ ਦਿੱਤਾ ਹੈ, ਜਿਸ ਨੇ 4 ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਇਸ ਲੜਕੀ ਨੇ ਧਰਮ ਪਰਿਵਰਤਨ ਕਰ ਕੇ ਇਸਲਾਮ ਅਪਨਾਇਆ ਸੀ। ਕੋਰਟ ਦੇ ਇਸ ਆਦੇਸ਼ ਦੇ ਨਾਲ ਹੀ ਦੂਜੇ ਧਰਮ ਵਿਚ ਵਿਆਹ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਵੀ ਰੋਕ ਲੱਗ ਗਈ ਹੈ।
ਜਾਣਕਾਰੀ ਮੁਤਾਬਕ ਹੁਸਨੇ ਅਰਾ ਲਾਜੂ ਨੇ ਹੁਮਾਯੂੰ ਫਰੀਦ ਨਾਲ ਸਾਲ 2013 ਵਿਚ ਵਿਆਹ ਕਰਨ ਮਗਰੋਂ ਇਸਲਾਮ ਅਪਨਾ ਲਿਆ ਸੀ। ਹਾਲਾਂਕਿ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੁਬਾਰਾ ਹਿੰਦੂ ਧਰਮ ਅਪਨਾ ਲਿਆ ਸੀ। ਦੋਹਾਂ ਦੇ ਪਰਿਵਾਰ ਵਾਲਿਆਂ ਨੇ ਮੁਸਲਿਮ ਅਤੇ ਹਿੰਦੂ ਵਿਚਕਾਰ ਵਿਆਹ ਦਾ ਵਿਰੋਧ ਕੀਤਾ ਅਤੇ ਵਿਆਹ ਤੋੜਨ ਦਾ ਦਬਾਅ ਪਾਇਆ। ਲੜਕੀ ਦੇ ਪਿਤਾ ਨੇ ਪੁਲਸ ਵਿਚ ਲੜਕੇ ਵਿਰੁੱਧ ਅਗਵਾ ਕਰਨ ਦਾ ਕੇਸ ਤੱਕ ਫਾਈਲ ਕਰ ਦਿੱਤਾ। ਝਗੜੇ ਤੋਂ ਤੰਗ ਆ ਕੇ ਸਾਲ 2014 ਵਿਚ ਲੜਕੀ ਦੇ ਪਤੀ ਨੇ ਖੁਦਕੁਸ਼ੀ ਕਰ ਲਈ ਸੀ। ਪਰ ਜਦੋਂ ਉਸ ਦੀ ਪਤਨੀ ਨੇ ਸਿਰਫ 2 ਮਹੀਨੇ ਬਾਅਦ ਹੀ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਤਾਂ ਇਹ ਮਾਮਲਾ ਸੁਰਖੀਆਂ ਵਿਚ ਆਇਆ। 
ਲੜਕੀ ਦੇ ਪਰਿਵਾਰ ਵਾਲੇ ਮਾਮਲੇ ਨੂੰ ਲੈ ਕੇ ਅਦਾਲਤ ਪਹੁੰਚੇ ਕਿ ਆਖਿਰ ਉਸ ਨੂੰ ਦਫਨਾਇਆ ਕਿਵੇਂ ਜਾ ਸਕਦਾ ਹੈ। ਦੱਸਣਯੋਗ ਹੈ ਕਿ ਬੰਗਲਾਦੇਸ਼ ਵਿਚ ਦੂਜੇ ਧਰਮ ਵਿਚ ਵਿਆਹ ਕਰਵਾਉਣ ਦੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਹਨ। ਇਸ ਲਈ ਇਸ ਕੇਸ 'ਤੇ ਸਾਰਿਆਂ ਦੀ ਕਰੀਬੀ ਨਜ਼ਰ ਬਣੀ ਹੋਈ ਸੀ। ਲੜਕੀ ਦੇ ਪਰਿਵਾਰ ਨੇ ਹਿੰਦੂ ਰੀਤੀ-ਰਿਵਾਜ ਨਾਲ ਉਸ ਦਾ ਅੰਤਮ ਸੰਸਕਾਰ ਕੀਤੇ ਜਾਣ ਦੀ ਮੰਗ ਕੀਤੀ ਜਦਕਿ ਲੜਕੇ ਵਾਲਿਆਂ ਨੇ ਉਸ ਨੂੰ ਪਤੀ ਦੀ ਕਬਰ ਨਾਲ ਹੀ ਦਫਨਾਉਣ ਦੀ ਮੰਗ ਕੀਤੀ। ਇਹ ਮਾਮਲਾ ਦੇਸ਼ ਦੀ ਸੁਪਰੀਮ ਕੋਰਟ ਵਿਚ ਪਹੁੰਚਿਆ, ਜਿੱਥੇ ਵੀਰਵਾਰ ਨੂੰ ਕੋਰਟ ਨੇ ਆਦੇਸ਼ ਦਿੱਤਾ ਕਿ ਕਿਉਂਕਿ ਲੜਕੀ ਨੇ ਇਸਲਾਮ ਧਰਮ ਅਪਨਾ ਲਿਆ ਸੀ ਇਸ ਲਈ ਉਸ ਦੀ ਲਾਸ਼ ਨੂੰ ਦਫਨਾਇਆ ਜਾਣਾ ਚਾਹੀਦਾ ਹੈ। ਹਾਲਾਂਕਿ ਪਰਿਵਾਰ ਵਾਲਿਆਂ ਨੇ ਇਹ ਦਾਅਵਾ ਕੀਤਾ ਸੀ ਕਿ ਲੜਕੀ ਨੇ ਦੁਬਾਰਾ ਹਿੰਦੂ ਧਰਮ ਅਪਨਾ ਲਿਆ ਸੀ। ਕੋਰਟ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਲੜਕੀ ਦੀ ਲਾਸ਼ ਨੂੰ ਮੁਰਦਾਘਰ ਤੋਂ ਦੋ ਦਿਨ ਦੇ ਅੰਦਰ ਹੀ ਬਾਹਰ ਕੱਢਿਆ ਜਾਵੇ। ਕੋਰਟ ਨੇ ਆਦੇਸ਼ ਦਿੱਤਾ ਕਿ ਲਾਸ਼ ਦਫਨਾਏ ਜਾਣ ਦੌਰਾਨ ਪੁਲਸ ਸੁਰੱਖਿਆ ਦਿੱਤੀ ਜਾਵੇ।


Related News