ਔਰਤਾਂ ਨੂੰ ਹਰ ਪੱਖੋਂ ਮਜ਼ਬੂਤ ਬਣਾਉਣਾ ਚਾਹੁੰਦੀ ਹੈ ਕੈਨੇਡਾ ਸਰਕਰਾਰ

08/19/2017 4:38:08 AM

ਬਰੈਂਪਟਨ — ਬਰੈਂਪਟਨ ਨਾਰਥ ਤੋਂ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਨੇ ਔਰਤਾਂ ਨੂੰ ਆਉਂਦੀਆਂ ਮੁਸ਼ਕਿਲਾਂ ਦੇ ਮੁੱਦੇ 'ਤੇ ਇਕ ਗੋਲਮੇਜ਼ ਬੈਠਕ ਕਰਾਈ, ਜਿਸ 'ਚ ਮੁੱਖ ਮਹਿਮਾਨ ਵੱਜੋਂ ਕੈਨੇਡਾ ਦੀ ਔਰਤਾਂ ਦੇ ਦਰਜੇ ਬਾਰੇ ਮੰਤਰੀ ਮਰੀਅਮ ਮੌਨਸੈਫ ਸ਼ਾਮਲ ਹੋਏ। ਮੰਤਰੀ ਨੇ ਵੱਖ-ਵੱਖ ਸਥਾਨਕ ਜਥੇਬੰਦੀਆਂ ਨਾਲ ਕਮਿਊਨਿਟੀ ਮਸਲਿਆਂ ਬਾਰੇ ਵਿਚਾਰ ਪੇਸ਼ ਕੀਤੇ। ਰੂਬੀ ਸਹੋਤਾ ਨੇ ਕਿਹਾ, ''ਸਾਡੀ ਸਰਕਾਰ ਔਰਤਾਂ ਨੂੰ ਰੋਜ਼ਾਨਾ ਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕੱਢਣਾ ਚਾਹੁੰਦੀ ਹੈ ਜਿਸ ਦੇ ਤਹਿਤ ਅਸੀਂ 3 ਪੱਧਰੀ ਤਰੀਕੇ ਨਾਲ ਧਿਆਨ ਕੇਂਦਰਤ ਕਰਾਂਗੇ। ਪਹਿਲਾਂ ਇਹ ਕਿ ਔਰਤਾਂ ਨੂੰ ਆਰਥਿਕ ਸੁਰੱਖਿਆ ਅਤੇ ਖੁਸ਼ਹਾਲੀ 'ਚ ਵਾਧਾ ਕੀਤਾ ਜਾਵੇ, ਦੂਜਾ ਇਹ ਕਿ ਔਰਤਾਂ ਅਤੇ ਕੁੜੀਆਂ ਨੂੰ ਲੀਡਰਸ਼ਿਪ ਅਤੇ ਫੈਸਲਾ ਲੈਣ ਦੇ ਸਮਰਥ ਭੂਮਿਕਾ 'ਚ ਆਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਤੀਜਾ ਇਹ ਕਿ ਔਰਤਾਂ ਅਤੇ ਕੁੜੀਆਂ ਵਿਰੁਧ ਹਿੰਸਾ ਨੂੰ ਰੋਕਿਆ ਜਾਵੇ।'' 
ਫੈਡਰਲ ਮੰਤਰੀ ਨਾਲ ਗੋਲਮੇਜ਼ ਬੈਠਕ 3 ਮਜ਼ਮੂਨ ਵੀ ਤੈਅ ਕੀਤੇ ਗਏ ਹਨ। ਜਿਨ੍ਹਾਂ ਮੁਤਾਬਕ ਔਰਤਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਸਮਾਜਿਕ ਬੜੀਆਂ ਨੂੰ ਤੋੜਨਾ, ਮਹਿਲਾ ਸ਼ਕਤੀਕਰਨ ਅਤੇ ਸਮਾਜ ਦੇ ਵੱਖ-ਵੱਖ ਵਰਗਾਂ 'ਚ ਇਕ ਲਿੰਗ ਵਿਸ਼ੇਸ਼ ਬਾਰੇ ਵਿਚਾਰਧਾਰਾ ਕਾਇਮ ਕਰਨਾ ਸ਼ਾਮਲ ਹਨ। ਬਰੈਂਪਟਨ ਵਿਖੇ ਹੋਏ ਗੋਲਮੇਜ਼ ਵਿਚਾਰ ਵਟਾਂਦਰੇ 'ਚ ਮਲਟੀਕਲਚਰਲ ਕਮਿਊਨਿਟੀ ਸੈਂਟਰ, ਯੂਨਾਈਟੇਡ ਵੇਅ ਆਫ ਪੀਲ, ਕੈਥੋਲਿਕ ਫੈਮਿਲੀ ਸਰਵਿਸਿਜ਼ ਆਫ ਪੀਲ, ਬਰੈਂਪਟਨ ਸੈਂਟਰ ਤੋਂ ਕਈ ਐੱਮ. ਪੀ. ਮੌਜੂਦ ਸਨ। 
ਰੂਬੀ ਸਹੋਤਾ ਨੇ ਕਿਹਾ, ''ਸਾਡੀ ਸਰਕਾਰ ਦਾ ਮੰਨਣਾ ਹੈ ਕਿ ਆਮ ਲੋਕਾਂ ਅਤੇ ਕਾਨੂੰਨਸ਼ਾਜ਼ਾਂ ਵਿਚਾਲੇ ਗੱਲਬਾਤ ਦਾ ਦੌਰਾ ਬੇਹੱਦ ਜ਼ਰੂਰੀ ਹੈ। ਸਾਡੇ ਫੈਸਲੇ ਰਾਹੀਂ ਕੈਨੇਡੀਅਨਾਂ ਦੀਆਂ ਜ਼ਰੂਰਤਾਂ ਹਰ ਤਰੀਕੇ ਨਾਲ ਪੂਰੀਆਂ ਹੋਣੀਆਂ ਚਾਹੁੰਦੀਆਂ ਹਨ।'' ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਲਿੰਗ ਆਧਾਰਿਤ ਹਿੰਸਾ ਨੂੰ ਰੋਕਣ ਲਈ 100.9 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਹੈ।