ਪੁਸਤਕ 'ਪੰਜਾਂ ਪਾਣੀਆਂ ਦੇ ਗੀਤ' ਰਾਊਕੇ ਭਰਾਵਾਂ ਦੇ ਉਪਰਾਲੇ ਸਦਕਾ ਤਿੰਨ ਦੇਸ਼ਾਂ 'ਚ 6 ਅਗਸਤ ਨੂੰ ਹੋਵੇਗੀ ਲੋਕ ਅਰਪਣ

07/27/2017 3:16:02 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)—ਆਸਟ੍ਰੇਲੀਆ ਦੀ ਨਾਮਵਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵਲੋਂ ਆਪਣੀਆਂ ਸਾਹਿਤਕ ਗਤੀਵਿਧੀਆਂ ਦਾ ਘੇਰਾ ਹੋਰ ਵੀ ਵਿਸ਼ਾਲ ਕਰਦਿਆ ਪ੍ਰਗਤੀਵਾਦੀ ਨੌਜਵਾਨ ਕਵੀ ਸਰਬਜੀਤ ਸੋਹੀ ਦੀ ਸੰਪਾਦਨਾ ਹੇਠ ਉਸਾਰੂ ਅਤੇ ਸਮਾਜ ਨੂੰ ਸੇਧ ਪ੍ਰਦਾਨ ਕਰਦੇ ਗੀਤਾਂ ਦੀ ਪਲੇਠੀ ਪੁਸਤਕ 'ਪੰਜਾਂ ਪਾਣੀਆਂ ਦੇ ਗੀਤ' 6 ਅਗਸਤ ਨੂੰ ਦਿਨ ਐਤਵਾਰ ਨੂੰ ਵੱਖ-ਵੱਖ ਦੇਸ਼ਾ 'ਚ ਹੋ ਰਹੇ ਸਾਹਿਤਕ ਸਮਾਗਮ 'ਚ ਸੰਗੀਤ, ਬੁੱਧੀਜੀਵੀ ਤੇ ਸਾਹਿਤ ਜਗਤ ਦੀਆ ਸਿਰਮੌਰ ਸਖਸ਼ੀਅਤਾਂ ਵਲੋਂ ਆਪਣੇ ਕਰ ਕਮਲਾ ਨਾਲ ਕ੍ਰਮਵਾਰ ਬ੍ਰਿਸਬੇਨ ਵਿਖੇ ਪ੍ਰਸਿੱਧ ਨਾਵਲਕਾਰ ਅਜੀਤ ਸਿੰਘ ਰਾਹੀ, ਕੈਨੇਡਾਂ ਦੇ ਪੰਜਾਬ ਭਵਨ ਸਰੀ ਵਿਖੇ ਸੁੱਖੀ ਬਾਠ ਤੇ ਪੰਜਾਬ ਦੇ ਲੁਧਿਆਣਾ ਸ਼ਹਿਰ 'ਚ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉੱਪ ਕੁਲਪਤੀ ਡਾ. ਐੱਸ .ਪੀ ਸਿੰਘ ਵਲੋਂ ਹੋਰ ਵੀ ਮਾਣਮੱਤੇ ਅਦੀਬਾਂ ਦੀ ਹਾਜ਼ਰੀ 'ਚ ਲੋਕ ਅਰਪਣ ਕੀਤੀ ਜਾਵੇਗੀ। ਬ੍ਰਿਸਬੇਨ 'ਚ ਪੁਸਤਕ 'ਪੰਜਾਂ ਪਾਣੀਆਂ ਦੇ ਗੀਤਾਂ' ਦਾ ਪੋਸਟਰ ਸਭਾ ਦੇ ਅਹੁਦੇਦਾਰਾਂ ਵਲੋ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ।ਇਸ ਮੌਕੇ 'ਤੇ ਪ੍ਰਧਾਨ ਜਰਨੈਲ ਸਿੰਘ ਬਾਸੀ ਤੇ ਸਰਬਜੀਤ ਸੋਹੀ ਨੇ ਦੱਸਿਆ ਕਿ ਇਸ ਪੁਸਤਕ ਨੂੰ ਇਕਬਾਲ ਪਾਲ ਰਾਊਕੇ ਤੇ ਗੁਰਸੇਵਕ ਰਾਊਕੇ ਭਰਾਵਾਂ ਨੇ ਨੇਕ ਕਮਾਈ 'ਚੋ ਆਪਣੇ ਪੁਰਖਿਆ ਦੀ ਨਿੱਘੀ ਯਾਦ 'ਚ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਕਰਦਿਆਂ ਪ੍ਰਕਾਸ਼ਿਤ ਕਰਵਾਈ ਹੈ। ਜਿਸ 'ਚ ਪੰਜਾਬੀ ਸਾਹਿਤ ਦੀਆਂ ਮਾਣਮੱਤੀਆ ਸਖਸ਼ੀਅਤਾਂ ਉੱਘੇ ਲੇਖਕ ਪ੍ਰੋ. ਗੁਰਭਜਨ ਗਿੱਲ, ਅਮਰੀਕ ਤਲਵੰਡੀ, ਤਰਲੋਚਨ ਲੋਚੀ, ਮਨਜਿੰਦਰ ਧਨੋਆਂ ਆਦਿ ਦੇ ਸੁਹਿਰਦ ਤੇ ਸਮਾਜਿਕ ਚੇਤਨਾ ਦਾ ਸੁਨੇਹਾ ਦਿੰਦੇ ਹੋਏ ਸਾਫ਼-ਸੁਥਰੇ ਚੌਣਵੇ ਗੀਤਾਂ ਦੇ ਗੁਲਦਸਤੇ 'ਚ ਨਵੇ ਉੱਭਰਦੇ ਗੀਤਕਾਰਾਂ ਦੀਆਂ ਲਿਖਤਾ ਵੀ ਸ਼ਾਮਲ ਕੀਤੀਆਂ ਗਈਆਂ ਹਨ।