ਤ੍ਰਿਪੋਲੀ ਦੇ ਉਪ ਨਗਰੀ ਇਲਾਕਿਆਂ ''ਚ 24 ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ

06/28/2017 4:37:46 PM

ਤ੍ਰਿਪੋਲੀ— ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਨੇੜੇ ਉਪ ਨਗਰੀ ਇਲਾਕਿਆਂ 'ਚ ਭੂਮੱਧ ਸਾਗਰ ਤੋਂ ਵਹਿ ਕੇ ਆਈਆਂ 24 ਪ੍ਰਵਾਸੀਆਂ ਦੀਆਂ ਲਾਸ਼ਾਂ ਸਵੈਸੇਵੀ ਸੰਗਠਨ ਨੇ ਬਰਾਮਦ ਕੀਤੀਆਂ ਹਨ। ਇਹ ਲਾਸ਼ਾਂ ਇਨ੍ਹਾਂ ਸੰਗਠਨਾਂ ਦੇ ਭੂਮੱਧ ਸਾਗਰ ਅਤੇ ਗੁਆਂਢੀ ਖੇਤਰਾਂ 'ਚ ਵੱਡੇ ਪੱਧਰ 'ਤੇ ਬਚਾਅ ਕੰਮ ਚਲਾਉਣ ਦੌਰਾਨ ਬਰਾਮਦ ਕੀਤੀਆਂ ਗਈਆਂ। 
ਤਾਜੌਰਾ ਜ਼ਿਲ੍ਹੇ ਦੇ ਵਾਸੀਆਂ ਨੇ ਦੱਸਿਆ ਕਿ ਲਾਸ਼ਾਂ ਦੇ ਆਉਣ ਦਾ ਸਿਲਸਿਲਾ ਬੀਤੇ ਹਫਤੇ ਦੇ ਅਖੀਰ ਤੋਂ ਸ਼ੁਰੂ ਹੋਇਆ ਸੀ। ਸਥਾਨਕ ਤੱਟ ਰੱਖਿਅਕ ਬਲ ਦੇ ਇਕ ਅਧਿਕਾਰੀ ਨੇ ਕਲ ਦੱਸਿਆ ਕਿ ਕੁਝ ਲਾਸ਼ਾਂ ਦਾ ਥੋੜ੍ਹਾ ਹਿੱਸਾ ਕੁੱਤਿਆਂ ਨੇ ਖਾ ਲਿਆ ਸੀ। ਉਨ੍ਹਾਂ ਮੁਤਾਬਕ ਹੋਰ ਲਾਸ਼ਾਂ ਮਿਲਣ ਦੀ ਸੰਭਾਵਨਾ ਹੈ। ਉੱਧਰ, ਜਰਮਨ ਸਮੂਹ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਭੂਮੱਧ ਸਾਗਰ 'ਚ ਤਿੰਨ ਪ੍ਰਵਾਸੀਆਂ ਦੀ ਮੌਤ ਹੋ ਗਈ। ਇਟਲੀ ਦੀ ਅਗਵਾਈ 'ਚ ਚਲਾਏ ਗਈ ਬਚਾਅ ਮੁਹਿੰਮ 'ਚ ਹਜ਼ਾਰਾਂ ਲੋਕਾਂ ਨੂੰ ਬਚਾਇਆ ਗਿਆ। 
ਜਰਮਨ ਮਾਨਵ ਅਧਿਕਾਰ ਸਮੂਹ ਜੁਗੇਂਡ ਰੇਟੇਟ ਨੇ ਆਪਣੀ ਫੇਸਬੁੱਕ 'ਤੇ ਲਿਖਿਆ,'' ਪੂਰੀਆਂ ਕੋਸ਼ਿਸ਼ਾਂ ਮਗਰੋਂ ਰਬੜ ਦੀ ਕਿਸ਼ਤੀ ਡੁੱਬ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਟਲੀ ਦੀ ਨੌਸੈਨਾ, ਸਹਾਇਤਾ ਸਮੂਹਾਂ ਅਤੇ ਨਿੱਜੀ ਕਿਸ਼ਤੀਆਂ ਦੁਆਰਾ ਸੋਮਵਾਰ ਨੂੰ ਲੀਬੀਆਈ ਤੱਟ ਤੋਂ ਕਰੀਬ ਪੰਜ ਹਜ਼ਾਰ ਪ੍ਰਵਾਸੀਆਂ ਨੂੰ ਬਚਾਇਆ ਗਿਆ। ਬਚਾਅ ਕੰਮ ਕਲ ਵੀ ਜਾਰੀ ਰਿਹਾ।''