ਖੁੱਲ੍ਹਿਆ ਬਰਮੂਡਾ ਤਿਕੋਣ ਦਾ ਰਹੱਸ, ਇੱਥੇ ਲਾਪਤਾ ਹੋ ਚੁੱਕੇ ਨੇ ਸੈਂਕੜੇ ਜਹਾਜ਼, ਕੋਈ ਨਹੀਂ ਪਰਤਿਆ ਵਾਪਸ (ਤਸਵੀਰਾਂ)

10/22/2016 3:24:03 PM

 ਵਾਸ਼ਿੰਗਟਨ— ਵਿਗਿਆਨੀਆ ਨੇ ਬਰਮੂਡਾ ਤਿਕੋਣ ਦਾ ਰਹੱਸ ਸਲੁਝਾਉਣ ਦਾ ਦਾਅਵਾ ਕੀਤਾ ਹੈ। ਇਸ ਥਾਂ ''ਤੇ ਹੁਣ ਤੱਕ ਸੈਂਕੜੇ ਤੋਂ ਜ਼ਿਆਦਾ ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ਯਾਤਰੀਆਂ ਸਮੇਤ ਗਾਇਬ ਹੋ ਚੁੱਕੇ ਹਨ, ਜਿਨ੍ਹਾਂ ਵਿਚ ਘੱਟ ਤੋਂ ਘੱਟ 1000 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਈ ਲੋਕਾਂ ਨੇ ਜਹਾਜ਼ਾਂ ਦੇ ਇਸ ਥਾਂ ''ਤੇ ਪਹੁੰਚ ਕੇ ਗਾਇਬ ਹੋ ਜਾਣ ਪਿੱਛੇ ਇੱਥੇ ਏਲੀਅਨਾਂ ਦਾ ਹੱਥ ਵੀ ਦੱਸਿਆ ਪਰ ਵਿਗਿਆਨੀਆਂ ਨੇ ਹੁਣ ਇਸ ਥਾਂ ਦੇ ਰਹੱਸ ਦਾ ਪਤਾ ਲਗਾ ਲਿਆ ਹੈ। 

ਵਿਗਿਆਨੀਆਂ ਦਾ ਦਾਅਵਾ ਹੈ ਕਿ ਹੈਕਸਾਗੋਨਲ ਬੱਦਲਾਂ ਦੇ ਕਾਰਨ ਇੱਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੱਦਲ ਹਵਾ ਵਿਚ ਬੰਬ ਧਮਾਕੇ ਦੇ ਬਰਾਬਰ ਸ਼ਕਤੀ ਰੱਖਦੇ ਹਨ ਅਤੇ ਇਨ੍ਹਾਂ ਦੇ ਨਾਲ 170 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਦੀਆਂ ਹਨ। ਇਹ ਬੱਦਲ ਅਤੇ ਹਵਾਵਾਂ ਮਿਲ ਕੇ ਪਾਣੀ ਅਤੇ ਹਵਾ ਵਿਚ ਮੌਜੂਦ ਜਹਾਜ਼ਾਂ ਨਾਲ ਟਕਰਾਉਂਦੇ ਹਨ ਅਤੇ ਇਨ੍ਹਾਂ ਹਵਾਵਾਂ ਤੇ ਬੱਦਲਾਂ ਦੇ ਸ਼ਿਕਾਰ ਹੋਏ ਜਹਾਜ਼ ਕਦੇ ਨਹੀਂ ਮਿਲਦੇ। 500,000 ਵਰਗ ਕਿਲੋਮੀਟਰ ਵਿਚ ਫੈਲਿਆ ਇਹ ਖੇਤਰ ਜਹਾਜ਼ ਹਾਦਸਿਆਂ ਲਈ ਪਿਛਲੇ ਕਈ ਦਹਾਕਿਆਂ ਤੋਂ ਬਦਨਾਮ ਹੈ। ਇਹ ਬਰਮੂਡਾ ਤਿਕੋਣ ਅਟਲਾਂਟਿਕ ਮਹਾਂਸਾਹਗਰ ਵਿਚ ਮੌਜੂਦ ਹੈ। 
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬੱਦਲ ਦੇਖਣ ਵਿਚ ਬਹੁਤ ਅਜੀਬ ਹੁੰਦੇ ਹਨ। ਇਕ ਬੱਦਲ ਦਾ ਘੇਰਾ ਲਗਭਗ 45 ਫੁੱਟ ਤੱਕ ਹੁੰਦਾ ਹੈ ਅਤੇ ਇਨ੍ਹਾਂ ਦੇ ਅੰਦਰ ਸ਼ਕਤੀਸ਼ਾਲੀ ਬੰਬਾਂ ਜਿੰਨੀਂ ਊਰਜਾ ਹੁੰਦੀ ਹੈ। ਵਿਗਿਆਨੀ ਰੈਂਡੀ ਕੈਰਵੇਨੀ ਮੁਤਾਬਕ ਬੱਦਲਾਂ ਦੀ ਇਹ ਊਰਜਾ ਅਜਿਹੀ ਸਥਿਤੀ ਪੈਦਾ ਕਰਦੀ ਹੈ ਕਿ ਇਸ ਦੇ ਆਸ-ਪਾਸ ਦੀਆਂ ਸਾਰੀਆਂ ਚੀਜ਼ਾਂ ਤਬਾਹ ਹੋ ਜਾਂਦੀਆਂ ਹਨ। ਮੌਸਮ ਵਿਗਿਆਨੀ ਰੈਂਡੀ ਕੈਰਵੇਨੀ ਦਾ ਕਹਿਣਾ ਹੈ ਕਿ ਹਵਾਵਾਂ ਇਨ੍ਹਾਂ ਵੱਡੇ-ਵੱਡੇ ਬੱਦਲਾਂ ਦਾ ਨਿਰਮਾਣ ਕਰਦੀਆਂ ਹਨ, ਜਿਹੜੇ ਸਮੁੰਦਰ ਦੇ ਪਾਣੀ ਨਾਲ ਟਕਰਾਉਂਦੇ ਹਨ। ਇਸ ਕਾਰਨ ਸੁਨਾਮੀ ਤੋਂ ਵੀ ਉੱਚੀਆਂ ਲਹਿਰਾਂ ਪੈਦਾ ਹੁੰਦੀਆਂ ਹਨ, ਜੋ ਆਪਸ ਵਿਚ ਟਕਰਾਅ ਕੇ ਊਰਜਾ ਪੈਦਾ ਕਰਦੀਆਂ ਹਨ। ਵਿਗਿਆਨੀਆਂ ਮੁਤਾਬਕ ਇਹ ਬੱਦਲ ਬਰਮੂਡਾ ਆਈਲੈਂਡ ਦੇ ਦੱਖਣੀ ਕੰਢੇ ''ਤੇ ਪੈਦਾ ਹੁੰਦੇ ਹਨ ਅਤੇ ਫਿਰ 20 ਤੋਂ 25 ਮੀਲ ਦਾ ਸਫਰ ਤੈਅ ਕਰਦੇ ਹਨ। ਇਸ ਖੇਤਰ ਤੋਂ ਰੋਜ਼ਾਨਾ ਗਈ ਹਵਾਈ ਜਹਾਜ਼ ਨਿਕਲਦੇ ਹਨ ਅਤੇ ਸਮੁੰਦਰੀ ਜਹਾਜ਼ਾਂ ਲਈ ਵੀ ਇਹ ਸਭ ਤੋਂ ਜ਼ਿਆਦਾ ਆਵਾਜਾਈ ਵਾਲਾ ਜਲਮਾਰਗ ਹੈ।

Kulvinder Mahi

This news is News Editor Kulvinder Mahi