ਬੱਚਿਆਂ ਲਈ ਬੁਲੇਟਪਰੂਫ ਬੈਗ ਖਰੀਦ ਰਹੇ ਹਨ ਅਮਰੀਕੀ ਲੋਕ

02/18/2018 5:50:07 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸਕੂਲਾਂ ਵਿਚ ਬਾਰ-ਬਾਰ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਸਥਾਨਕ ਲੋਕ ਦਹਿਸ਼ਤ ਵਿਚ ਹਨ। ਬੰਦੂਕ ਸੱਭਿਆਚਾਰ ਨਾਲ ਜੂਝ ਰਹੇ ਅਮਰੀਕੀ ਸਕੂਲਾਂ ਵਿਚ ਹੁਣ ਬਚਪਨ ਖਤਰੇ ਵਿਚ ਪੈਂਦਾ ਜਾ ਰਿਹਾ ਹੈ। ਬੱਚਿਆਂ ਨੂੰ ਖੇਡਣ ਦੀ ਉਮਰ ਵਿਚ ਗੋਲੀਆਂ ਤੋਂ ਬਚਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ ਬੱਚਿਆਂ ਦੇ ਮਾਪੇ ਇੱਥੇ ਬਾਜ਼ਾਰਾਂ ਵਿਚ ਸਪਾਈਡਰ ਮੈਨ ਅਤੇ ਬਾਰਬੀ ਡੌਲ ਦੇ ਥੀਮ ਦੇ ਬੈਗ ਨਹੀਂ ਬਲਕਿ ਬੁਲੇਟਪਰੂਫ ਬੈਗ ਲੱਭ ਰਹੇ ਹਨ। ਫਲੋਰੀਡਾ ਗੋਲੀਬਾਰੀ ਦੀ ਘਟਨਾ ਮਗਰੋਂ ਅਜਿਹੇ ਬੈਗਾਂ ਦੀ ਵਿਕਰੀ ਵਿਚ 30 ਫੀਸਦੀ ਵਾਧਾ ਦੇਖਿਆ ਗਿਆ ਹੈ। ਇਕ ਬੁਲੇਟਪਰੂਫ ਬੈਗ ਦੀ ਕੀਮਤ 7 ਹਜ਼ਾਰ ਤੋਂ 25 ਹਜ਼ਾਰ ਤੱਕ ਹੈ। ਬੁਲੇਟ ਪਰੂਫ ਬਣਾਉਣ ਵਾਲੀਆਂ ਕੰਪਨੀਆਂ ਦਾ ਦਾਅਵਾ ਹੈ ਕਿ ਇਹ ਬੈਗ 357 ਮੈਗਨਮ, 44 ਮੈਗਨਮ, 9 ਐੱਮ. ਐੱਮ. ਅਤੇ 0.45 ਕੈਲੀਬਰ ਰੇਂਜ ਦੀਆਂ ਗੋਲੀਆਂ ਤੋਂ ਬੱਚਿਆਂ ਨੂੰ ਬਚਾਉਣਗੇ। ਕੰਪਨੀ ਮੁਤਾਬਕ ਵੀਰਵਾਰ ਨੂੰ ਅਜਿਹੇ 500 ਬੈਗ ਵੇਚੇ ਗਏ। ਬੀਤੇ ਬੁੱਧਵਾਰ ਨੂੰ ਫਲੋਰੀਡਾ ਦੇ ਹਾਈ ਸਕੂਲ ਵਿਚ ਗੋਲੀਬਾਰੀ ਦੇ ਬਾਅਦ ਕਈ ਸੈਲੀਬ੍ਰਿਟੀਜ਼ ਨੇ ਸੋਸ਼ਲ ਸਾਈਟਸ 'ਤੇ ਇਨ੍ਹਾਂ ਬੈਗਾਂ ਨਾਲ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।