9/11 ਹਮਲੇ ਦੇ ਦੋਸ਼ੀ ਨੂੰ ਲਿਆ ਗਿਆ ਹਿਰਾਸਤ ''ਚ

04/20/2018 12:34:10 PM

ਵਾਸ਼ਿੰਗਟਨ(ਬਿਊਰੋ)—ਸੀਰੀਆ 'ਚ ਅਮਰੀਕੀ ਸਮਰਥਿਤ ਸੁਰੱਖਿਆ ਬਲਾਂ ਨੇ ਅਮਰੀਕਾ ਵਿਚ 9/11 ਹਮਲੇ ਦੀ ਸਾਜ਼ਿਸ਼ ਰਚਣ ਵਿਚ ਮਦਦ ਕਰਨ ਦੇ ਦੋਸ਼ੀ ਸੀਰੀਆਈ ਮੂਲ ਦੇ ਜਰਮਨ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਹੈ। ਪੈਂਟਾਗਨ ਦੇ ਬੁਲਾਰੇ ਈਰਿਕ ਪਹੋਨ ਨੇ ਕੱਲ ਕਿਹਾ ਕਿ ਸੀਰੀਅਨ ਡੈਮੋਕ੍ਰੇਟਿਕ ਫੋਰਸਸ (ਐਸ.ਡੀ.ਐਫ) ਨੇ ਸੀਰੀਆ ਵਿਚ ਮੁਹੰਮਦ ਹੈਦਰ ਜਮਾਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਿਰੁੱਧ ਜਾਰੀ ਅਭਿਆਨ ਦੌਰਾਨ ਜਮਾਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਪਹੋਨ ਨੇ ਕਿਹਾ ਕਿ ਉਹ ਜ਼ਿਆਦਾ ਜਾਣਕਾਰੀ ਲਈ ਆਪਣੇ ਸਾਂਝੇਦਾਰ ਐਸ.ਡੀ.ਐਫ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਸ ਸਬੰਧ ਵਿਚ ਜਮਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਮਾਰ 'ਤੇ ਦੋਸ਼ ਹੈ ਕਿ ਉਸ ਨੇ ਅਮਰੀਕਾ ਵਿਚ 11 ਦਸੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਵਿਚ ਇਸਤੇਮਾਲ ਜਹਾਜ਼ ਦੇ ਹਾਈਜੈਕ ਦੇ ਕੁੱਝ ਅਗਵਾਕਰਤਾਵਾਂ ਦੀ ਮਦਦ ਕੀਤੀ ਸੀ।
ਦੱਸਣਯੋਗ ਹੈ ਕਿ ਸਾਲ 2001 ਵਿਚ ਅਲ ਕਾਇਦਾ ਦੇ 19 ਅੱਤਵਾਦੀਆਂ ਨੇ ਅਮਰੀਕਾ ਵਿਚ ਵਰਲਡ ਟਰੇਡ ਸੈਂਟਰ, ਪੈਂਟਾਗਨ ਅਤੇ ਪੇਂਸਿਲਵੇਨੀਆ ਵਿਚ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ। ਅੱਤਵਾਦੀਆਂ ਨੇ ਚਾਰ ਯਾਤਰੀ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਅਤੇ ਉਨ੍ਹਾਂ ਵਿਚੋਂ ਤਿੰਨ ਨੂੰ ਅਮਰੀਕਾ ਦੀਆਂ ਸਭ ਤੋਂ ਜ਼ਿਆਦਾ ਆਬਾਦੀ ਵਾਲੀਆਂ ਅਤੇ ਸੁਰੱਖਿਅਤ ਇਮਾਰਤਾਂ ਵਿਚ ਧਮਾਕੇ ਨਾਲ ਉਡਾ ਕੇ ਉਨ੍ਹਾਂ ਨੂੰ ਮਲਬੇ ਦੇ ਢੇਰਾਂ ਵਿਚ ਤਬਦੀਲ ਕਰ ਦਿੱਤਾ। ਇਨ੍ਹਾਂ ਹਮਲਿਆਂ ਵਿਚ ਤਕਰੀਬਨ 3000 ਲੋਕਾਂ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਸੈਂਕੜੇ ਵਿਦੇਸ਼ੀ ਅੱਤਵਾਦੀ ਅਤੇ ਹਜ਼ਾਰਾਂ ਸੀਰੀਆਈ ਅੱਤਵਾਦੀ ਐਸ.ਡੀ.ਐਫ ਦੇ ਕਬਜੇ ਵਿਚ ਹਨ।


Related News