ਥਾਈਲੈਂਡ ਦੇ ਡਾਕਟਰਾਂ ਦਾ ਦਾਅਵਾ, ਕੋਰੋਨਾਵਾਇਰਸ ਦੇ ਇਲਾਜ ਲਈ ਬਣਾਈ ਦਵਾਈ

02/03/2020 11:55:18 AM

ਬੈਂਕਾਕ (ਬਿਊਰੋ): ਕੋਰੋਨਾਵਾਇਰਸ ਕਾਰਨ ਚੀਨ ਸਮੇਤ ਪੂਰੀ ਦੁਨੀਆ ਦੇ ਲੋਕ ਦਹਿਸ਼ਤ ਵਿਚ ਹਨ। ਤਾਜ਼ਾ ਅੰਕੜਿਆਂ ਦੇ ਮੁਤਾਬਕ ਇਸ ਵਾਇਰਸ ਨਾਲ ਦੁਨੀਆ ਭਰ ਵਿਚ 17,387 ਲੋਕ ਬੀਮਾਰ ਹਨ ਜਦਕਿ ਇਹਨਾਂ ਵਿਚੋਂ 17,205 ਇਨਫੈਕਟਿਡ ਲੋਕ ਸਿਰਫ ਚੀਨ ਵਿਚ ਹੀ ਹਨ। ਚੀਨ ਵਿਚ ਕੋਰੋਨਾਵਾਇਰਸ ਕਾਰਨ ਹੁਣ ਤੱਕ 362 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਭਰ ਦੇ ਮਾਹਰ ਡਾਕਟਰ ਇਸ ਵਾਇਰਸ ਦੇ ਇਲਾਜ ਲਈ ਦਵਾਈ ਬਣਾਉਣ ਵਿਚ ਜੁਟੇ ਹੋਏ ਹਨ। ਇਸ ਵਿਚ ਥਾਈਲੈਂਡ ਦੇ ਡਾਕਟਰਾਂ ਨੇ ਕੁਝ ਦਵਾਈਆਂ ਮਿਲਾ ਕੇ ਨਵੀਂ ਦਵਾਈ ਬਣਾਈ ਹੈ। ਥਾਈਲੈਂਡ ਸਰਕਾਰ ਦਾ ਦਾਅਵਾ ਹੈ ਕਿ ਇਹ ਦਵਾਈ ਅਸਰਦਾਰ ਵੀ ਹੈ। ਇਹ ਦਵਾਈ ਲੈਣ ਦੇ ਬਾਅਦ ਇਕ ਮਰੀਜ਼ 48 ਘੰਟੇ ਵਿਚ ਠੀਕ ਹੋ ਗਿਆ।

ਥਾਈਲੈਂਡ ਦੇ ਡਾਕਟਰ ਕ੍ਰਿਏਨਸਾਕ ਅਤਿਪਾਰਨਵਾਨਿਚ ਨੇ ਦੱਸਿਆ,''ਅਸੀਂ 71 ਸਾਲਾ ਮਹਿਲਾ ਮਰੀਜ਼ ਨੂੰ ਆਪਣੀ ਨਵੀਂ ਦਵਾਈ ਦੇ ਕੇ 48 ਘੰਟੇ ਵਿਚ ਹੀ ਠੀਕ ਕਰ ਦਿੱਤਾ। ਦਵਾਈ ਦੇਣ ਦੇ 12 ਘੰਟੇ ਬਾਅਦ ਮਰੀਜ਼ ਬਿਸਤਰ ਤੋਂ ਉਠ ਕੇ ਬੈਠ ਗਈ ਜਦਕਿ ਇਸ ਤੋਂ ਪਹਿਲਾਂ ਉਹ ਹਿਲਜੁੱਲ ਵੀ ਨਹੀਂ ਕਰ ਪਾ ਰਹੀ ਸੀ। 48 ਘੰਟੇ ਵਿਚ ਉਹ 90 ਫੀਸਦੀ ਸਿਹਤਮੰਦ ਹੋ ਚੁੱਕੀ ਹੈ। ਕੁਝ ਦਿਨ ਹੀ ਅਸੀਂ ਉਸ ਨੂੰ ਪੂਰੀ ਤਰ੍ਹਾਂ ਠੀਕ ਕਰੇ ਘਰ ਭੇਜ ਦੇਵਾਂਗੇ।'' ਡਾਕਟਰ ਕ੍ਰਿਏਨਸਾਕ ਨੇ ਅੱਗੇ ਦੱਸਿਆ ਕਿ ਅਸੀਂ ਲੈਬ ਵਿਚ ਇਸ ਦਵਾਈ ਦਾ ਪਰੀਖਣ ਕੀਤਾ ਤਾਂ ਸਾਨੂੰ ਬਹੁਤ  ਸਕਰਾਤਮਕ ਨਤੀਜੇ ਮਿਲੇ। ਇਸ ਨੇ 12 ਘੰਟੇ ਦੇ ਅੰਦਰ ਹੀ ਮਰੀਜ਼ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ। 48 ਘੰਟੇ ਵਿਚ ਤਾਂ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਗਿਆ। 

ਡਾਕਟਰ ਕ੍ਰਿਏਨਸਾਕ ਨੇ ਦੱਸਿਆ,'' ਕੋਰੋਨਾਵਾਇਰਸ ਦੇ ਇਲਾਜ ਲਈ ਅਸੀਂ ਐਂਟੀ-ਫਲੂ ਡਰੱਗ ਓਸੇਲਟਾਮਿਵਿਰ ਨੂੰ HIV ਦੇ ਇਲਾਜ ਲਈ ਵਰਤੋਂ ਵਿਚ ਲਿਆਂਦੀ ਜਾਣ ਵਾਲੀ ਲੋਪਿਨਾਵਿਰ ਅਤੇ ਰਿਟੋਨਾਵਿਰ ਨਾਲ ਮਿਲਾ ਕੇ ਨਵੀਂ ਦਵਾਈ ਬਣਾਈ। ਇਹ ਦਵਾਈ ਬਹੁਤ ਅਸਰਦਾਰ ਸਾਬਤ ਹੋਈ। ਹੁਣ ਅਸੀਂ ਇਸ ਨੂੰ ਹੋਰ ਅਸਰਦਾਰ ਬਣਾਉਣ ਲਈ ਲੈਬ ਵਿਚ ਪਰੀਖਣ ਕਰ ਰਹੇ ਹਾਂ।'' ਜ਼ਿਕਰਯੋਗ ਹੈ ਕਿ ਥਾਈਲੈਂਡ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ ਕੁੱਲ 19 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹਨਾਂ ਵਿਚੋਂ 8 ਮਰੀਜ਼ਾਂ ਨੂੰ 14 ਦਿਨਾਂ ਵਿਚ ਠੀਕ ਕਰ ਕੇ ਘਰ ਭੇਜਿਆ ਜਾ ਚੁੱਕਾ ਹੈ। 11 ਲੋਕਾਂ ਦਾ ਇਲਾਜ ਹਾਲੇ ਵੀ ਚੱਲ ਰਿਹਾ ਹੈ। 

ਡਾਕਟਰ ਕ੍ਰਿਏਨਸਾਕ ਨੇ ਆਸ ਜ਼ਾਹਰ ਕੀਤੀ ਕਿ ਨਵੀਂ ਦਵਾਈ ਨਾਲ ਉਹ ਬਾਕੀ ਮਰੀਜ਼ਾਂ ਨੂੰ ਵੀ ਜਲਦੀ ਠੀਕ ਕਰ ਦੇਣਗੇ। ਥਾਈਲੈਂਡ ਦੀ ਸਰਕਾਰ ਨੇ ਇਸ ਦਵਾਈ ਨੂੰ ਆਪਣੀ ਕੇਂਦਰੀ ਪ੍ਰਯੋਗਸ਼ਾਲਾ ਵਿਚ ਹੋਰ ਮਜ਼ਬੂਤ ਤੇ ਸਹੀ ਬਣਾਉਣ ਲਈ ਭੇਜਿਆ ਹੈ। ਜੇਕਰ ਇਹ ਦਵਾਈ ਪ੍ਰਯੋਗਸ਼ਾਲਾ ਦੇ ਪਰੀਖਣਾਂ ਵਿਚ ਸਫਲ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਇਸ ਨੂੰ ਕੋਰੋਨਾਵਾਇਰਸ ਦੀ ਪਹਿਲੀ ਸਫਲ ਦਵਾਈ ਮੰਨਿਆ ਜਾਵੇ।

Vandana

This news is Content Editor Vandana