ਕੋਰੋਨਾ ਵੈਕਸੀਨ ਨੂੰ ਲੈਕੇ ਥਾਈਲੈਂਡ ਨੇ ਜਗਾਈ ਆਸ, ਚੂਹਿਆਂ ''ਤੇ ਸਫਲ ਹੋਇਆ ਟ੍ਰਾਇਲ

05/24/2020 6:01:36 PM

ਬੈਂਕਾਕ(ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ। ਅਮਰੀਕਾ, ਸਪੇਨ, ਬ੍ਰਾਜ਼ੀਲ, ਬ੍ਰਿਟੇਨ ਸਮੇਤ ਕਈ ਦੇਸ਼ ਇਸ ਵਾਇਰਸ ਦੇ ਇਨਫੈਕਸ਼ਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਉੱਧਰ ਦੁਨੀਆ ਭਰ ਦੇ ਵਿਗਿਆਨੀ ਕੋਰੋਨਾਵਾਇਰਸ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਲੱਭਣ ਵਿਚ ਜੁਟੇ ਹੋਏ ਹਨ। ਇਸ ਕੜੀ ਵਿਚ ਥਾਈਲੈਂਡ ਨੇ ਵੈਕਸੀਨ ਨੂੰ ਲੈ ਕੇ ਥੋੜ੍ਹੀ-ਬਹੁਤ ਆਸ ਪੈਦਾ ਕੀਤੀ ਹੈ। ਥਾਈਲੈਂਡ ਵਿਚ ਹੁਣ ਵੈਕਸੀਨ ਟ੍ਰਾਈਲ ਦੇ ਅਗਲੇ ਪੜਾਅ ਵਿਚ ਪਹੁੰਚ ਗਿਆ ਹੈ।

ਰਾਇਟਰਜ਼ ਦੀ ਇਕ ਰਿਪੋਰਟ ਦੇ ਮੁਤਾਬਕ ਥਾਈਲੈਂਡ ਦੇ ਇਕ ਪ੍ਰਾਜੈਕਟ ਨੂੰ ਸ਼ੁਰੂਆਤੀ ਸਫਲਤਾ ਮਿਲੀ ਹੈ ਅਤੇ ਚੂਹਿਆਂ 'ਤੇ ਇਸ ਦਾ ਸਕਰਾਤਮਕ ਅਸਰ ਦਿਸਿਆ ਹੈ। ਹੁਣ ਬਾਂਦਰਾਂ 'ਤੇ ਇਸ ਵੈਕਸੀਨ ਦਾ ਟ੍ਰਾਇਲ ਸ਼ੁਰੂ ਹੋ ਚੁੱਕਾ ਹੈ। ਥਾਈਲੈਂਡ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ 6 ਤੋਂ 7 ਮਹੀਨੇ ਵਿਚ ਕੋਰੋਨਾ ਦੀ ਵੈਕਸੀਨ ਬਣਾਈ ਜਾ ਸਕਦੀ ਹੈ। ਥਾਈਲੈਂਡ ਦੇ ਉੱਚ ਸਿੱਖਿਆ, ਵਿਗਿਆਨ, ਰਿਸਰਚ ਅਤੇ ਇਨੋਵੇਸ਼ਨ ਮੰਤਰੀ ਸੁਵਤ ਮੈਸੇਂਸੇ ਨੇ ਕਿਹਾ ਕਿ ਚੂਹਿਆਂ 'ਤੇ ਪਰੀਖਣ ਦੇ ਬਾਅਦ ਸ਼ੋਧ ਕਰਤਾ ਵੈਕਸੀਨ ਦੇ ਪਰੀਖਣ ਦੇ ਲਈ ਅਗਲੇ ਪੜਾਅ ਵੱਲ ਹਨ। ਉਹਨਾਂ ਨੇ ਕਿਹਾ ਕਿ ਸਤੰਬਰ ਤੱਕ 3 ਖੁਰਾਕਾਂ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਸਤੰਬਰ ਵਿਚ 'ਸਪਸ਼ੱਟ ਨਤੀਜੇ' ਆਉਣ ਦੀ ਆਸ ਹੈ। 

ਮੰਤਰੀ ਸੁਵਤ ਨੇ ਸ਼ਨੀਵਾਰ ਨੂੰ ਇਕ ਪ੍ਰੈੱਸ ਬ੍ਰੀਫਿੰਗ ਦੇ ਦੌਰਾਨ ਕਿਹਾ ਕਿ ਇਹ ਪ੍ਰਾਜੈਕਟ ਮਨੁੱਖੀ ਜਾਤੀ ਦੇ ਲਈ ਹੈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਇਕ ਨੀਤੀ ਬਣਾਈ ਹੈ ਕਿ ਸਾਨੂੰ ਇਕ ਟੀਕਾ ਵਿਕਸਿਤ ਕਰਨਾ ਚਾਹੀਦਾ ਹੈ ਅਤੇ ਇਸ ਪ੍ਰੋਗਰਾਮ ਨਾਲ ਦੁਨੀਆ ਭਰ ਦੇ ਕਰਮਚਾਰੀਆਂ ਨੂੰ ਜੋੜਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਥਾਈਲੈਂਡ ਦੇ ਇਕ ਸੀਨੀਅਰ ਅਧਿਕਾਰੀ ਨੇ ਵੈਕਸੀਨ ਨੂੰ ਲੈਕੇ ਕਿਹਾ ਸੀ ਕਿ ਚੂਹਿਆਂ 'ਤੇ ਕੀਤੇ ਗਏ ਟੈਸਟ ਦੇ ਨਤੀਜੇ ਬਹੁਤ ਸਕਰਾਤਮਕ ਰਹੇ ਹਨ। ਅਜਿਹੇ ਵਿਚ ਪਰੀਖਣ ਨਾਲ ਆਸ ਜ਼ਾਹਰ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਤੱਕ ਇੱਥੇ ਕੋਰੋਨਾਵਾਇਰਸ ਦਾ ਟੀਕਾ ਤਿਆਰ ਹੋ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਲੋਕ ਵੱਡੀ ਗਿਣਤੀ 'ਚ ਵਰਤ ਰਹੇ ਹਨ 'ਕੋਵਿਡਸੇਫ' ਐਪ

ਬੁਲਾਰੇ ਤਾਵੀਸਿਨ ਵਿਸਾਨਯੁਥਿਨ ਨੇ ਕਿਹਾ ਕਿ ਚੂਹਿਆਂ 'ਤੇ ਵੈਕਸੀਨ ਦੇ ਸਫਲ ਪਰੀਖਣ ਦੇ ਬਾਅਦ ਅਗਲੇ ਹਫਤੇ ਬਾਂਦਰਾਂ ਵਿਚ mRNA (ਮੈਸੇਂਜਰ ਆਰ.ਐੱਨ.ਏ.) ਵੈਕਸੀਨ ਦਾ ਪਰੀਖਣ ਸ਼ੁਰੂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਮਨੁੱਖਾਂ 'ਤੇ ਅਗਲੇ ਸਾਲ ਥਾਈ ਵੈਕਸੀਨ ਦੀ ਵਰਤੋਂ ਹੋਣ ਦੀ ਆਸ ਹੈ। ਥਾਈ ਵੈਕਸੀਨ ਨੂੰ ਥਾਈਲੈਂਡ ਵਿਚ ਰਾਸ਼ਟਰੀ ਵੈਕਸੀਨ ਸੰਸਥਾ, ਮੈਡੀਕਲ ਵਿਗਿਆਨ ਵਿਭਾਗ ਅਤੇ ਚੁਲਲੋਂਗਕੌਰਨ ਯੂਨੀਵਰਸਿਟੀ ਦੇ ਵੈਕਸੀਨ ਰਿਸਰਚ ਕੇਂਦਰ ਵੱਲੋਂ ਮਿਲ ਕੇ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਸਭ ਦੇ ਇਲਾਵਾ ਚੀਨੀ ਵਿਗਿਆਨੀਆਂ ਦਾ ਦਾਅਵਾ ਹੈ ਕਿ ਬਿਨਾਂ ਵੈਕਸੀਨ ਦੇ ਕੋਰੋਨਾਵਾਇਰਸ ਖਤਮ ਕੀਤਾ ਜਾ ਸਕਦਾ ਹੈ। ਅਸਲ ਵਿਚ ਵਿਗਿਆਨੀਆਂ ਦਾ ਮੰਨਣਾ ਹੈਕਿ ਚੀਨ ਦੀ ਲੈਬ ਵਿਚ ਅਜਿਹੀ ਦਵਾਈ ਬਣਾਈ ਜਾ ਰਹੀ ਹੈ ਜੋ ਕੋਰੋਨਾ ਨੂੰ ਰੋਕਣ ਵਿਚ ਅਸਰਦਾਰ ਸਾਬਤ ਹੋਵੇਗੀ। ਇਸ ਦਵਾਈ ਦਾ ਪਰੀਖਣ ਚੀਨ ਦੀ ਵੱਕਾਰੀ ਪੇਕਿੰਗ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤਾ ਜਾ ਰਿਹਾ ਹੈ।

   

Vandana

This news is Content Editor Vandana