ਥਾਈਲੈਂਡ ਬੱਚਿਆਂ ਨੂੰ ਗੁਫਾ ਤੋਂ ਬਾਹਰ ਕੱਢਣ ਦਾ ਕੰਮ ਸ਼ੁਰੂ

07/08/2018 11:44:41 AM

ਬੈਂਕਾਕ (ਭਾਸ਼ਾ)— ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫਾ ਵਿਚ ਦੋ ਹਫਤਿਆਂ ਤੋਂ ਜ਼ਿਆਦਾ ਸਮੇਂ ਤੋਂ ਫਸੇ 12 ਬੱਚਿਆਂ ਅਤੇ ਉਨ੍ਹਾਂ ਦੇ ਸਹਾਇਕ ਫੁੱਟਬਾਲ ਕੋਚ ਨੂੰ ਬਾਹਰ ਕੱਢਣ ਦਾ ਕੰਮ ਅੱਜ ਭਾਵ ਐਤਵਾਰ ਨੂੰ ਸ਼ੁਰੂ ਕੀਤਾ ਗਿਆ। ਬਚਾਅ ਮੁਹਿੰਮ ਦੇ ਮੁਖੀ ਨੇ ਇਹ ਜਾਣਕਾਰੀ ਦਿੱਤੀ। ''ਵਾਈਲਡ ਬੋਰਸ'' ਨਾਮ ਦੀ ਇਹ ਫੁੱਟਬਾਲ ਟੀਮ ਗੁਫਾ ਵਿਚ 23 ਜੂਨ ਤੋਂ ਫਸੀ ਹੈ। ਇਹ ਲੋਕ ਅਭਿਆਸ ਮਗਰੋਂ ਉੱਥੇ ਗਏ ਸਨ ਪਰ ਭਾਰੀ ਮੀਂਹ ਕਾਰਨ ਗੁਫਾ ਅੰਦਰ ਪਾਣੀ ਭਰ ਜਾਣ ਕਾਰਨ ਉੱਥੇ ਫਸ ਗਏ। ਬਚਾਅ ਮੁਹਿੰਮ ਦੇ ਮੁਖੀ ਨਾਰੋਂਗਸਾਕ ਅਸੋਤਾਨਾਕੋਰਨ ਨੇ ਪੱਤਰਕਾਰਾਂ ਨੂੰ ਕਿਹਾ,''ਅੱਜ ਬੱਚਿਆਂ ਨੂੰ ਬਾਹਰ ਕੱਢਣ ਦੇ ਕੰਮ ਨੂੰ ਅੰਜਾਮ ਦਿੱਤਾ ਜਾਵੇਗਾ। ਬੱਚੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।'' 
ਉਨ੍ਹਾਂ ਨੇ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਰਾਤ 9 ਵਜੇ ਤੋਂ ਪਹਿਲਾਂ ਬੱਚਿਆਂ ਨੂੰ ਗੁਫਾ ਵਿਚੋਂ ਬਾਹਰ ਕੱਢੇ ਜਾਣ ਦੀ ਸੰਭਾਵਨਾ ਹੈ। ਇਸ ਪੂਰੇ ਕੰਮ ਵਿਚ ਕਰੀਬ 11 ਘੰਟੇ ਦਾ ਸਮਾਂ ਲੱਗੇਗਾ। ਅਧਿਕਾਰੀਆਂ ਨੇ ਅੱਜ ਸਵੇਰੇ ਮੀਡੀਆ ਨੂੰ ਕਿਹਾ ਸੀ ਕਿ ਉਹ ਗੁਫਾ ਨੇੜੇ ਸਥਿਤ ਕੈਂਪ ਦੇ ਨੇੜੇ ਵਾਲੀ ਜਗ੍ਹਾ ਨੂੰ ਖਾਲੀ ਕਰ ਦੇਵੇ। ਪੁਲਸ ਨੇ ਇਸ ਜਗ੍ਹਾ ਲਾਊਡ ਸਪੀਕਰ ਨਾਲ ਐਲਾਨ ਕੀਤਾ,''ਸਾਰੇ ਲੋਕ ਜੋ ਮੁਹਿੰਮ ਨਾਲ ਨਹੀਂ ਜੁੜੇ ਹਨ ਤੁਰੰਤ ਇਸ ਇਲਾਕੇ ਵਿਚੋਂ ਬਾਹਰ ਚਲੇ ਜਾਣ।'' ਜਾਣਕਾਰੀ ਮੁਤਾਬਕ ਗੁਫਾ ਨੇੜੇ ਐਂਬੁਲੈਂਸ ਗੱਡੀ ਵੀ ਪਹੁੰਚ ਚੁੱਕੀ ਹੈ।


Related News