ਟੈਕਸਾਸ ਗੋਲੀਬਾਰੀ: ਵਿਦਿਆਰਥਣ ਨੇ ਸੁਣਾਈ ਹੱਡਬੀਤੀ, ਦੋਸਤ ਦੇ ਖ਼ੂਨ ਨੂੰ ਸਰੀਰ ‘ਤੇ ਮਲ਼ ਬਚਾਈ ਆਪਣੀ ਜਾਨ

05/28/2022 4:19:38 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਟੈਕਸਾਸ ਸੂਬੇ ਦੇ ਇਕ ਐਲੀਮੈਂਟਰੀ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਵਾਲ-ਵਾਲ ਬਚੀ ਚੌਥੀ ਕਲਾਸ ਦੀ ਇਕ 11 ਸਾਲਾ ਵਿਦਿਆਰਥਣ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਮਰਨ ਦਾ ਨਾਟਕ ਕਰਕੇ ਖ਼ੁਦ ਨੂੰ ਹਮਲਾਵਰ ਤੋਂ ਬਚਾਇਆ ਹੈ। ਸੇਰਿਲੋ ਦੀ ਚਾਚੀ ਬਲੈਂਕਾ ਰਿਵੇਰਾ ਨੇ ਕੇ.ਪੀ.ਆਰ.ਸੀ. ਚੈਨਲ ਨੂੰ ਦੱਸਿਆ ਕਿ ਰੌਬ ਐਲੀਮੈਂਟਰੀ ਸਕੂਲ ਵਿਚ ਲੰਘੇ ਮੰਗਲਵਾਰ ਨੂੰ ਜਦੋਂ ਹਮਲਾਵਰ ਨੇ, ਉਨ੍ਹਾਂ ਦੀ ਧੀ ਮੀਆ ਸੇਰਿਲੋ ਦੀ ਦੋਸਤ ਨੂੰ ਗੋਲੀ ਮਾਰੀ ਤਾਂ ਉਸ ਤੋਂ ਤੁਰੰਤ ਬਾਅਦ ਉਸ ਨੇ ਹਮਲਾਵਰ ਨੂੰ ਗੁੰਮਰਾਹ ਕਰਨ ਲਈ ਗੋਲੀਬਾਰੀ ਦਾ ਸ਼ਿਕਾਰ ਹੋਈ ਦੂਜੀ ਵਿਦਿਆਰਥਣ ਦਾ ਖੂਨ ਆਪਣੇ ਸਰੀਰ 'ਤੇ ਲਗਾ ਲਿਆ ਅਤੇ ਮਰਨ ਦਾ ਨਾਟਕ ਕੀਤਾ, ਜਿਸ ਨਾਲ ਉਹ ਹਮਲਾਵਰ ਦਾ ਸ਼ਿਕਾਰ ਹੋਣ ਤੋਂ ਬਚ ਗਈ।

ਇਹ ਵੀ ਪੜ੍ਹੋ: ਟੈਕਸਾਸ ਸਕੂਲ 'ਚ ਗੋਲੀਬਾਰੀ 'ਚ ਪਤਨੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਪਤੀ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਇਸ ਤੋਂ ਇਲਾਵਾ ਉਸ ਨੇ ਹਮਲਾਵਰ ਦੀਆਂ ਨਜ਼ਰਾਂ ਤੋਂ ਬਚ ਕੇ ਆਪਣੀ ਮ੍ਰਿਤਕ ਅਧਿਆਪਕਾ ਦੇ ਫੋਨ ਤੋਂ ਮਦਦ ਲਈ 911 'ਤੇ ਫੋਨ ਕੀਤਾ। ਵਿਦਿਆਰਥਣ ਦੇ ਪਰਿਵਾਰ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਕਿ ਇਸ ਖ਼ੌਫਨਾਕ ਮੰਜ਼ਰ ਨਾਲ ਉਨ੍ਹਾਂ ਦੀ ਧੀ ਨੂੰ ਮਾਨਸਿਕ ਠੇਸ ਪਹੁੰਚੀ ਹੈ। ਵਿਦਿਆਰਥਣ ਮੀਆ ਦੇ ਪਿਤਾ ਮਿਗੁਏਲ ਸੇਰਿਲੋ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸਕੂਲ ਵਿਚ ਹਮਲੇ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਸਕੂਲ ਪਹੁੰਚੇ। ਉਦੋਂ ਉਨ੍ਹਾਂ ਨੇ ਇੱਕ ਪੁਲਸ ਅਧਿਕਾਰੀ ਨੂੰ ਉਨ੍ਹਾਂ ਦੀ ਲਹੂ-ਲੁਹਾਨ ਧੀ ਨੂੰ ਸਕੂਲ ਤੋਂ ਬਾਹਰ ਲਿਜਾਂਦੇ ਦੇਖਿਆ, ਉਹ ਜ਼ਿੰਦਾ ਸੀ ਅਤੇ ਪੈਨਿਕ ਅਟੈਕ ਕਾਰਨ ਬੇਹੋਸ਼ ਹੋ ਗਈ ਸੀ। ਦੱਸ ਦੇਈਏ ਕਿ ਟੈਕਸਾਸ ਸੂਬੇ 'ਚ ਇਕ ਐਲੀਮੈਂਟਰੀ ਸਕੂਲ 'ਚ ਬੀਤੇ ਦਿਨੀਂ ਇਕ 18 ਸਾਲਾ ਬੰਦੂਕਧਾਰੀ ਨੇ ਕਲਾਸਰੂਮ 'ਚ ਗੋਲੀਬਾਰੀ ਕਰਕੇ 19 ਬੱਚਿਆਂ ਸਮੇਤ 21 ਲੋਕਾਂ ਦਾ ਕਤਲ ਕਰ ਦਿੱਤਾ ਸੀ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ ਸੀ। 

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਕਾਰੋਬਾਰੀ ਸੁਨੀਲ ਚੋਪੜਾ UK 'ਚ ਦੂਜੀ ਵਾਰ ਚੁਣੇ ਗਏ ਮੇਅਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News