ਟੈਕਸਾਸ ਸਕੂਲ ਗੋਲੀਬਾਰੀ: ਲਗਾਤਾਰ ਗੋਲੀਆਂ ਵਰ੍ਹਾਉਂਦੇ ਹੋਏ ਅੰਦਰ ਦਾਖਲ ਹੋਇਆ ਸੀ ਬੰਦੂਕਧਾਰੀ

05/20/2018 11:57:45 AM

ਵਾਸ਼ਿੰਗਟਨ— ਅਮਰੀਕਾ ਦੇ ਟੈਕਸਾਸ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਨੂੰ ਅੰਜ਼ਾਮ ਦੇਣ ਵਾਲਾ ਸ਼ੱਕੀ ਕਰੀਬ 30 ਮਿੰਟ ਤੱਕ ਸਕੂਲ ਅੰਦਰ ਰਿਹਾ ਅਤੇ ਆਪਣੇ ਇਰਾਦੇ ਪੂਰੇ ਕਰਦਾ ਰਿਹਾ। ਘਟਨਾ ਦੇ ਚਸ਼ਮਦੀਦਾਂ ਦਾ ਅਜਿਹਾ ਕਹਿਣਾ ਹੈ। ਉਨ੍ਹਾਂ ਦੱਸਿਆ ਕਿ ਸ਼ੱਕੀ ਨੌਜਵਾਨ ਕਲਾ ਦੀ ਕਲਾਸ ਦੇ ਦਰਵਾਜ਼ੇ ਵਿਚ ਗੋਲੀ ਚਲਾਉਂਦੇ ਹੋਏ ਅੰਦਰ ਦਾਖਲ ਹੋਇਆ, ਜਿਸ ਨਾਲ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਘਬਰਾਏ ਹੋਏ ਵਿਦਿਆਰਥੀ ਉਸ ਨੂੰ ਅੰਦਰ ਆਉਣ ਤੋਂ ਰੋਕਣ ਲਈ ਪ੍ਰਵੇਸ਼ ਦਰਵਾਜ਼ੇ ਨੇੜੇ ਪਹੁੰਚ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦਿਮਿਤ੍ਰਿਓਸ ਪਗਾਓਟਿਜ ਨੇ ਇਸ ਤੋਂ ਬਾਅਦ ਫਿਰ ਦਰਵਾਜ਼ੇ 'ਤੇ ਗੋਲੀ ਚਲਾਈ, ਜੋ ਇਕ ਵਿਦਿਆਰਥੀ ਦੀ ਛਾਤੀ 'ਤੇ ਜਾ ਲੱਗੀ। ਉਸ ਤੋਂ ਬਾਅਦ ਉਹ 4 ਹੋਰ ਕਲਾਸਾਂ ਵਿਚ ਗਿਆ ਅਤੇ ਉਹ ਘੱਟੋ-ਘੱਟ 30 ਮਿੰਟ ਤੱਕ ਸਕੂਲ ਵਿਚ ਰੁਕਿਆ ਰਿਹਾ ਅਤੇ ਪੁਲਸ ਸਾਹਮਣੇ ਆਤਮ ਸਮਰਪਣ ਕਰਨ ਤੋਂ ਪਹਿਲਾਂ ਉਹ 7 ਵਿਦਿਆਰਥੀਆਂ ਅਤੇ 2 ਅਧਿਆਪਕਾਂ ਦੀ ਜਾਨ ਲੈ ਚੁੱਕਾ ਸੀ।


ਪਹਿਲੇ ਸਾਲ ਦੇ ਵਿਦਿਆਰਥੀ ਹਵੇਲ ਸੈਲ ਮਿਗੁਅਲ ਨੇ ਆਪਣੇ ਦੋਸਤ ਕ੍ਰਿਸ ਸਟੋਨ ਨੂੰ ਦਰਵਾਜ਼ੇ 'ਤੇ ਦਮ ਤੋੜਦੇ ਹੋਏ ਦੇਖਿਆ। ਮਿਗੁਅਲ ਨੂੰ ਵੀ ਖੱਬੇ ਮੋਢੇ 'ਤੇ ਸੱਟ ਲੱਗੀ ਹੈ। ਉਸ ਨੇ ਅਤੇ ਬਾਕੀਆਂ ਨੇ ਮਰਨ ਦਾ ਨਾਟਕ ਕਰ ਕੇ ਖੁਦ ਨੂੰ ਬਚਾਇਆ। ਉਸ ਨੇ ਦੱਸਿਆ, 'ਅਸੀਂ ਜ਼ਮੀਨ 'ਤੇ ਇੱਧਰ-ਉਧਰ ਪਏ ਹੋਏ ਸੀ।' ਗਾਲਵੇਸਟਨ ਕਾਊਂਟੀ ਦੇ ਜੱਜ ਮਾਰਕ ਹੇਨਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸ਼ੁੱਕਰਵਾਰ ਨੂੰ ਹੋਏ ਹਮਲੇ ਵਿਚ 30 ਮਿੰਟ ਤੱਕ ਲਗਾਤਾਰ ਗੋਲੀਆਂ ਚੱਲੀਆਂ ਹੋਣ ਅਤੇ ਉਨ੍ਹਾਂ ਦਾ ਇਹ ਮੁਲਾਂਕਣ ਹੋਰ ਅਧਿਕਾਰੀਆਂ ਵੱਲੋਂ ਕਹੀਆਂ ਗਈਆਂ ਗੱਲਾਂ ਨਾਲ ਮੇਲ ਵੀ ਖਾਂਦਾ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੇ ਜਲਦੀ ਹੀ ਬੰਦੂਕਧਾਰੀ 'ਤੇ ਕਾਬੂ ਪਾ ਲਿਆ ਸੀ ਪਰ ਅਧਿਕਾਰੀਆਂ ਨੇ ਘਟਨਾਕ੍ਰਮ ਦੀ ਬਿਲਕੁੱਲ ਸਹੀ ਅਤੇ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਸੀ। ਇਕ ਹੋਰ ਵਿਦਿਆਰਥੀ ਬ੍ਰਿਆਨਾ ਕਿੰਵਟੇਨਿਲਾ ਨੇ ਕਿਹਾ ਕਿ ਉਹ ਬਹੁਤ ਡਰ ਗਈ ਸੀ ਅਤੇ ਉਸ ਨੂੰ ਲੱਗਾ ਕਿ ਉਹ ਹੁਣ ਕਦੇ ਆਪਣੇ ਪਰਿਵਾਰ ਕੋਲ ਨਹੀਂ ਪਰਤ ਸਕੇਗੀ। ਉਥੇ ਹੀ ਘਟਨਾ ਤੋਂ ਬਾਅਦ ਪਹਿਲੀ ਵਾਰ ਬਿਆਨ ਜਾਰੀ ਕਰਨ ਵਾਲੇ ਪਗਾਓਟਿਜ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਪਗਾਓਟਿਜ ਅਜਿਹਾ ਕੰਮ ਕਰ ਸਕਦਾ ਹੈ। ਉਹ ਇਸ ਘਟਨਾ ਤੋਂ ਬਾਅਦ ਸਦਮੇ ਵਿਚ ਹਨ।