ਅਮਰੀਕਾ ਦੇ ਕੈਮੀਕਲ ਪਲਾਂਟ 'ਚ ਧਮਾਕੇ, 60,000 ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ

11/28/2019 9:13:54 AM

ਟੈਕਸਾਸ— ਅਮਰੀਕਾ ਦੇ ਇਕ ਰਸਾਇਣ ਪਲਾਂਟ 'ਚ ਲਗਾਤਾਰ ਕਈ ਧਮਾਕੇ ਹੋਣ ਮਗਰੋਂ ਅਧਿਕਾਰੀਆਂ ਨੇ ਕਿਹਾ ਕਿ ਅਜੇ ਉਹ ਇਹ ਨਹੀਂ ਦੱਸ ਸਕਦੇ ਕਿ ਅੱਗ 'ਤੇ ਕਦੋਂ ਤਕ ਕਾਬੂ ਪਾਇਆ ਜਾ ਸਕਦਾ ਹੈ, ਇਸੇ ਲਈ ਨੇਡ਼ਲੇ ਘਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਸਥਾਨਕ ਸਮੇਂ ਮੁਤਾਬਕ ਤੜਕੇ 1 ਵਜੇ ਟੀ. ਪੀ. ਸੀ. ਗਰੁੱਪ ਪਲਾਂਟ 'ਚ ਧਮਾਕਾ ਹੋਣ ਕਾਰਨ 3 ਮਜ਼ਦੂਰ ਜ਼ਖਮੀ ਹੋ ਗਏ। ਅਧਿਕਾਰੀਆਂ ਵਲੋਂ ਨੇੜਲੇ ਰਿਹਾਇਸ਼ੀ ਇਲਾਕੇ ਦੇ 60,000 ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਛੋਟੇ-ਛੋਟੇ ਕਈ ਧਮਾਕੇ ਹੋਏ ਤੇ ਬਾਅਦ 'ਚ ਇਕ ਵੱਡਾ ਧਮਾਕਾ ਹੋਇਆ ਤੇ ਅੱਗ ਦਾ ਵੱਡਾ ਗੋਲਾ ਹਵਾ 'ਚ ਜਾਂਦਾ ਹੋਇਆ ਦੇਖਿਆ ਗਿਆ। ਇਲਾਕੇ ਦੇ 4 ਮੀਲ ਤਕ ਦੇ ਖੇਤਰ ਨੂੰ ਖਾਲੀ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ। ਟੀ. ਪੀ. ਸੀ. ਗਰੁੱਪ ਦੇ ਡਾਇਰੈਕਟਰ ਟਰੋਏ ਮੋਂਕ ਨੇ ਕਿਹਾ ਕਿ ਉਹ ਨੇੜਲੇ ਸਟੋਰੇਜ ਟੈਂਕਾਂ ਨੂੰ ਠੰਡਾ ਰੱਖਣ ਦੀ ਕੋਸ਼ਿਸ਼ 'ਚ ਜੁਟੇ ਹਨ। ਜਾਣਕਾਰੀ ਮੁਤਾਬਕ ਧਮਾਕੇ ਸਮੇਂ ਕਈ ਲੋਕ ਪਲਾਂਟ 'ਚ ਮੌਜੂਦ ਸਨ। ਇਸ ਦੌਰਾਨ ਇਕ ਕਾਂਟਰੈਕਟਰ ਤੇ ਦੋ ਕਰਮਚਾਰੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਲੋਕਾਂ ਨੂੰ ਧਮਾਕੇ ਵਾਲੇ ਇਲਾਕੇ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਹੈ।