ਅੱਤਵਾਦੀਆਂ ਨੂੰ ਸ਼ਰਨ ਦੇਣੀ ਬਹੁਤ ਮਹਿੰਗੀ ਪਵੇਗੀ ਪਾਕਿ ਨੂੰ : ਟਰੰਪ

08/23/2017 9:40:40 AM

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਸਪੱਸ਼ਟ ਰੂਪ ਨਾਲ ਚਿਤਵਾਨੀ ਦਿੰਦਿਆਂ ਕਿਹਾ ਹੈ ਕਿ ਅੱਤਵਾਦੀਆਂ ਨੂੰ ਸ਼ਰਨ ਦੇਣੀ ਉਸ ਨੂੰ ਬਹੁਤ ਮਹਿੰਗੀ ਪਵੇਗੀ। ਕਮਾਂਡਰ ਇਨ ਚੀਫ ਵਜੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਅਫਗਾਨਿਸਤਾਨ ਬਾਰੇ ਆਪਣੀ ਰਣਨੀਤੀ ਦਾ ਖੁਲਾਸਾ ਕਰਦਿਆਂ ਅਰਾਜਕਤਾ ਪੈਦਾ ਕਰਨ ਵਾਲੇ ਏਜੰਟਾਂ ਨੂੰ ਸ਼ਰਨ ਦੇਣ ਲਈ ਪਾਕਿਸਤਾਨ ਨੂੰ ਨਿਸ਼ਾਨੇ 'ਤੇ ਲਿਆ ਅਤੇ ਚਿਤਵਾਨੀ ਦਿੱਤੀ ਕਿ ਜੇ ਉਹ ਇਸ 'ਤੇ ਰੋਕ ਨਹੀਂ ਲਗਾਉਂਦਾ ਤਾਂ ਉਸ ਦੇ ਗੰਭੀਰ ਸਿੱਟੇ ਨਿਕਲਣਗੇ। 
ਟਰੰਪ ਨੇ ਕਿਹਾ ਕਿ ਪਾਕਿਸਤਾਨ ਨੂੰ ਅਮਰੀਕਾ ਵੱਲੋਂ ਅਰਬਾਂ ਡਾਲਰ ਦੀ ਵਿੱਤੀ ਮਦਦ ਮਿਲਦੀ ਹੈ ਪਰ ਉਹ ਅੱਤਵਾਦੀਆਂ ਨੂੰ ਲਗਾਤਾਰ ਸ਼ਰਨ ਦਿੰਦਾ ਰਹਿੰਦਾ ਹੈ। ਪਾਕਿਸਤਾਨ ਅਕਸਰ ਅਸ਼ਾਂਤੀ, ਹਿੰਸਾ ਤੇ ਅੱਤਵਾਦ ਦੇ ਏਜੰਟਾਂ ਨੂੰ ਹੱਲਾਸ਼ੇਰੀ ਦਿੰਦਾ ਹੈ। ਖਤਰਾ ਹੋਰ ਵੀ ਵੱਧ ਗਿਆ ਹੈ, ਕਿਉਂਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਪ੍ਰਮਾਣੂ ਸੰਪੰਨ ਦੇਸ਼ ਹਨ। ਦੋਹਾਂ ਦੇਸ਼ਾਂ ਦਰਮਿਆਨ ਖਿਚਾਅ ਭਰਪੂਰ ਸਬੰਧ ਸੰਘਰਸ਼ 'ਚ ਬਦਲ ਸਕਦੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਸਮੁੱਚੀ ਸਮੀਖਿਆ ਪਿਛੋਂ ਇਹ ਫੈਸਲਾ ਲਿਆ ਗਿਆ ਹੈ ਕਿ ਅਫਗਾਨਿਸਤਾਨ ਅਤੇ ਦੱਖਣੀ ਏਸ਼ੀਆ 'ਚ ਅਮਰੀਕੀ ਰਣਨੀਤੀ 'ਚ ਵਿਆਪਕ ਤਬਦੀਲੀ ਕੀਤੀ ਜਾਏਗੀ। ਉਨ੍ਹਾਂ ਅੱਤਵਾਦੀ ਗਰੁੱਪਾਂ ਨੂੰ ਹਮਾਇਤ ਦੇਣ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਅਤੇ ਉਸ ਨੂੰ ਚਿਤਵਾਨੀ ਦਿੱਤੀ ਕਿ ਜੇ ਉਹ ਅਜਿਹਾ ਕਰਨਾ ਜਾਰੀ ਰੱਖਦਾ ਹੈ ਤਾਂ ਗੰਭੀਰ ਸਿੱਟਿਆਂ ਨੂੰ ਭੁਗਤਣਾ ਪਵੇਗਾ। ਅਸੀਂ ਅੱਤਵਾਦੀ ਸੰਗਠਨਾਂ , ਤਾਲਿਬਾਨ ਅਤੇ ਹੋਰ ਵੀ ਖਤਰਾ ਪੈਦਾ ਕਰਨ ਵਾਲੇ ਗਰੁੱਪਾਂ ਨੂੰ ਪਾਕਿਸਤਾਨ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸ਼ਰਨ ਵਾਲੀਆਂ ਥਾਂਵਾਂ ਨੂੰ ਲੈ ਕੇ ਖਾਮੋਸ਼ ਨਹੀਂ ਰਹਿ ਸਕਦੇ।  ਟਰੰਪ ਨੇ ਭਾਰਤ ਨੂੰ ਅਪੀਲ ਕੀਤੀ ਕਿ ਉਹ ਅਫਗਾਨਿਸਤਾਨ 'ਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਆਪਣਾ ਯੋਗਦਾਨ ਪਾਏ। ਅਸੀਂ ਹੁਣ ਤਕ ਅਫਗਾਨਿਸਤਾਨ 'ਚ ਸਥਿਰਤਾ ਲਿਆਉਣ ਲਈ ਭਾਰਤ ਵੱਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ।
ਪਾਕਿ ਦੇ ਬਚਾਅ 'ਚ ਉਤਰਿਆ ਚੀਨ—
ਟਰੰਪ ਵੱਲੋਂ ਪਾਕਿਸਤਾਨ ਨੂੰ ਦਿੱਤੀ ਗਈ ਚਿਤਾਵਨੀ ਪਿੱਛੋਂ ਚੀਨ ਉਸ ਦੇ ਬਚਾਅ 'ਚ ਉਤਰਿਆ ਹੈ। ਪਾਕਿਸਤਾਨ ਦੇ ਸਦਾਬਹਾਰ ਦੋਸਤ ਕਹੇ ਜਾਣ ਵਾਲੇ ਚੀਨ ਨੇ ਪਾਕਿਸਤਾਨ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਇਸਲਾਮਾਬਾਦ ਹਮੇਸ਼ਾ ਤੋਂ ਅੱਤਵਾਦ ਵਿਰੁੱਧ ਪਹਿਲੀ ਕਤਾਰ ਵਿਚ ਖੜ੍ਹਾ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ ਕਿ ਅੱਤਵਾਦ ਵਿਰੁੱਧ ਲੜਾਈ ਵਿਚ ਪਾਕਿਸਤਾਨ ਨੇ ਬਹੁਤ ਕੁਰਬਾਨੀਆਂ ਕੀਤੀਆਂ ਹਨ। ਖੇਤਰ ਵਿਚ ਸਥਿਰਤਾ ਲਈ ਵੀ ਪਾਕਿਸਤਾਨ ਨੇ ਕਈ ਯਤਨ ਕੀਤੇ ਹਨ।