ਅੱਤਵਾਦੀ ਸੰਗਠਨ HUM ਦੇ ਬਾਨੀ ਨੇ ਇਮਰਾਨ ਦੀ ਪਾਰਟੀ ਨੂੰ ਦਿੱਤਾ ਸਮਰਥਨ

07/18/2018 11:16:00 AM

ਇਸਲਾਮਾਬਾਦ (ਭਾਸ਼ਾ)— ਅੱਤਵਾਦੀ ਸੰਗਠਨ ਹਰਕਤ-ਉਲ-ਮੁਜਾਹਿਦੀਨ (ਐੱਚ.ਯੂ.ਐੱਮ.) ਦੇ ਬਾਨੀ ਫਜ਼ਲੁਰ ਰਹਿਮਾਨ ਖਲੀਲ ਨੇ ਬੁੱਧਵਾਰ ਨੂੰ ਕਿਹਾ ਕਿ ਉਹ 25 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੂੰ ਸਮਰਥਨ ਦੇਵੇਗਾ। ਅਮਰੀਕਾ ਨੇ ਅਲ-ਕਾਇਦਾ ਨਾਲ ਸੰਪਰਕ ਰੱਖਣ ਅਤੇ ਐੱਚ.ਯੂ.ਐੱਮ. ਅੱਤਵਾਦੀ ਸੰਗਠਨ ਵਿਚ ਕਥਿਤ ਭੂਮਿਕਾ ਲਈ ਫਜ਼ਲੁਰ ਰਹਿਮਾਨ ਖਲੀਲ ਨੂੰ ਗਲੋਬਲ ਅੱਤਵਾਦੀਆਂ ਦੀ ਅਮਰੀਕੀ ਸੂਚੀ ਵਿਚ 30 ਸਤੰਬਰ 2014 ਨੂੰ ਸ਼ਾਮਲ ਕੀਤਾ ਸੀ। 
ਖਲੀਲ ਨੇ ਬਾਅਦ ਵਿਚ ਅੰਸਾਰੂਲ ਉੱਮਾਹ ਦੀ ਸਥਾਪਨਾ ਕੀਤੀ, ਜਿਸ ਨੂੰ ਉਹ ਇਕ ਸਿਆਸੀ ਪਾਰਟੀ ਦੱਸਦਾ ਹੈ। ਐੱਚ.ਯੂ.ਐੱਮ. ਅਤੇ ਅੰਸਾਰੂਲ ਉੱਮਾਹ ਦੋਵੇਂ ਅਮਰੀਕਾ ਦੀ ਵਿਸ਼ੇਸ਼ ਮਨੋਨੀਤ ਗਲੋਬਲ ਅੱਤਵਾਦੀਆਂ (ਐੱਸ.ਡੀ.ਜੀ.ਟੀ.) ਦੀ ਸੂਚੀ ਵਿਚ ਸ਼ਾਮਲ ਹਨ। ਇਸਲਾਮਾਬਾਦ ਵਿਚ ਨੈਸ਼ਨਲ ਅਸੈਂਬਲੀ ਦੀ ਸੀਟ ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਉਮੀਦਵਾਰ ਅਸਦ ਉਮਰ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ ਕੀ ਖਲੀਲ ਪੀ.ਟੀ.ਆਈ. ਵਿਚ ਸ਼ਾਮਲ ਹੋ ਗਿਆ ਹੈ। ਪਰ ਬਾਅਦ ਵਿਚ ਉਸ ਨੇ ਸੁਧਾਰ ਕਰਦਿਆਂ ਕਿਹਾ ਕਿ ਖਲੀਲ ਨੇ ਚੋਣਾਂ ਵਿਚ ਉਸ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।