ਟਿਊਨੇਸ਼ੀਆ ''ਚ ਅਮਰੀਕੀ ਦੂਤਘਰ ਬਾਹਰ ਅੱਤਵਾਦੀ ਹਮਲਾ, ਪੁਲਸ ਕਰਮੀ ਦੀ ਮੌਤ

03/07/2020 1:36:55 AM

ਟਿਊਨਿਸ - ਟਿਊਨੇਸ਼ੀਆ ਦੀ ਰਾਜਧਾਨੀ ਟਿਊਨਿਸ ਸਥਿਤ ਅਮਰੀਕੀ ਦੂਤਘਰ ਦੇ ਬਾਹਰ ਸ਼ੁੱਕਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਅਤੇ 5 ਹੋਰ ਲੋਕ ਜ਼ਖਮੀ ਹੋ ਗਏ। ਟਿਊਨੇਸ਼ੀਆ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਧਮਾਕਾ ਸੁਰੱਖਿਅਤ ਬਰਜੇਸ ਡੂ ਲਾਕ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਹੋਇਆ, ਜਿਸ ਨਾਲ ਇਲਾਕੇ ਵਿਚ ਹਫਡ਼ਾ-ਦਫਡ਼ੀ ਦਾ ਮਾਹੌਲ ਹੋ ਗਿਆ। ਮੰਤਰਾਲੇ ਦੀ ਬੁਲਾਰੀ ਮੁਤਾਬਕੇ 2 ਲੋਕਾਂ ਨੇ ਅਮਰੀਕੀ ਦੂਤਘਰ ਨੂੰ ਜਾਣ ਵਾਲੀ ਸਡ਼ਕ 'ਤੇ ਤਾਇਨਾਤ ਸੁਰੱਖਿਆ ਗਸ਼ਤ ਦਲ ਨੂੰ ਨਿਸ਼ਾਨਾ ਬਣਾਇਆ।

ਦੱਸ ਦਈਏ ਕਿ ਅਜੇ ਤੱਕ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਘਟਨਾ ਵਾਲੀ ਥਾਂ 'ਤੇ ਮੌਜੂਦ ਪੁਲਸ ਨੇ ਦੱਸਿਆ ਕਿ ਹਮਲਾਵਰ ਇਲਾਕੇ ਵਿਚ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ ਜਦ ਦੂਤਘਰ ਨੇਡ਼ੇ ਤਾਇਨਾਤ ਅਧਿਕਾਰੀ ਉਨ੍ਹਾਂ ਵੱਲ ਵਧੇ ਤਾਂ ਉਨ੍ਹਾਂ ਨੇ ਧਮਾਕਾ ਕਰ ਦਿੱਤਾ। ਮੰਤਰਾਲੇ ਨੇ ਸ਼ੁਰੂਆਤ ਵਿਚ ਦੱਸਿਆ ਕਿ ਦੋਹਾਂ ਹਮਲਾਵਰ ਮਾਰੇ ਗਏ ਹਨ ਅਤੇ ਧਮਾਕੇ ਵਿਚ 5 ਪੁਲਸ ਕਰਮੀ ਜ਼ਖਮੀ ਹੋਏ ਹਨ। ਇਸ ਨੇ ਬਾਅਦ ਵਿਚ ਐਲਾਨ ਕੀਤਾ ਕਿ ਜ਼ਖਮੀ ਪੁਲਸ ਕਰਮੀਆਂ ਵਿਚੋਂ ਲੈਫਟੀਨੈਂਟ ਤੌਫੀਕ ਮੁਹੰਮਦ ਅਲ ਨਿਸਾਓ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਾਲ 2011 ਦੀ ਕ੍ਰਾਂਤੀ ਤੋਂ ਬਾਅਦ ਹੀ ਟਿਊਨੇਸ਼ੀਆ ਜ਼ਿਹਾਦੀ ਗਤੀਵਿਧੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਹਮਲਿਆਂ ਵਿਚ ਕਾਫੀ ਸੁਰੱਖਿਆ ਕਰਮੀ, ਨਾਗਰਿਕ ਅਤੇ ਵਿਦੇਸ਼ੀ ਸੈਲਾਨੀ ਮਾਰੇ ਜਾ ਚੁੱਕੇ ਹਨ।

Khushdeep Jassi

This news is Content Editor Khushdeep Jassi