ਆਸਟਰੇਲੀਆ ''ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ, 4 ਲੋਕ ਗ੍ਰਿਫਤਾਰ

07/30/2017 11:42:00 AM

ਮੈਲਬੌਰਨ— ਆਸਟਰੇਲੀਆ ਪੁਲਸ ਨੇ ਸ਼ਨੀਵਾਰ ਨੂੰ ਇਕ ਵੱਡੇ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ ਅਤੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਇਹ ਹਮਲਾ ਇਸਲਾਮਿਕ ਅੱਤਵਾਦ ਨਾਲ ਪ੍ਰੇਰਿਤ ਸੀ। ਜਿਸ ਤੋਂ ਬਾਅਦ ਆਸਟਰੇਲੀਆਈ ਹਵਾਈ ਅੱਡੇ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਅਤੇ ਘਰੇਲੂ-ਕੌਮਾਂਤਰੀ ਹਵਾਈ ਅੱਡਿਆਂ 'ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ ਕਿ ਸਾਨੂੰ ਖਬਰ ਮਿਲੀ ਸੀ ਕਿ ਸਿਡਨੀ ਵਿਚ ਕੁਝ ਲੋਕ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਸਾਜਿਸ਼ ਕਰ ਰਹੇ ਹਨ। ਅੱਤਵਾਦ ਵਿਰੋਧੀ ਮੁਹਿੰਮ ਜ਼ਰੀਏ ਆਸਟਰੇਲੀਆਈ ਸੰਘੀ ਪੁਲਸ ਅਤੇ ਨਿਊ ਸਾਊਥ ਵੇਲਜ਼ ਪੁਲਸ ਵਲੋਂ ਸਿਡਨੀ ਵਿਚ 5 ਕੰਪਲੈਕਸਾਂ 'ਤੇ ਕੀਤੀ ਗਈ ਅੱਤਵਾਦ ਰੋਕੂ ਛਾਪੇਮਾਰੀ ਦੌਰਾਨ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 
ਪੁਲਸ ਦਾ ਕਹਿਣਾ ਹੈ ਕਿ ਸਿਡਨੀ ਤੋਂ ਗ੍ਰਿਫਤਾਰ ਕੀਤੇ ਗਏ ਲੋਕ 'ਆਈ. ਡੀ.' ਦੀ ਮਦਦ ਨਾਲ ਜਹਾਜ਼ ਨੂੰ ਉਡਾਉਣ ਦੀ ਸਾਜਿਸ਼ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਕਿਸੇ ਵਿਸ਼ੇਸ਼ ਨਿਸ਼ਾਨੇ, ਸਥਾਨ, ਸਮੇਂ ਜਾਂ ਤਰੀਕ ਆਦਿ ਬਾਰੇ ਕੁਝ ਨਹੀਂ ਕਿਹਾ। ਆਸਟਰੇਲੀਆਈ ਸੰਘੀ ਪੁਲਸ ਦੇ ਕਮਿਸ਼ਨਰ ਐਡਿਊ ਕਾਲਵਿਨ ਦਾ ਕਹਿਣਾ ਹੈ ਕਿ ਹਵਾਈ ਅੱਡੇ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਟਰਨਬੁੱਲ ਦਾ ਕਹਿਣਾ ਹੈ ਕਿ ਵੱਡੀ ਅੱਤਵਾਦ ਰੋਕੂ ਮੁਹਿੰਮ ਚੱਲ ਰਹੀ ਹੈ ਅਤੇ ਸਾਰੇ ਮਹੱਤਵਪੂਰਨ ਹਵਾਈ ਅੱਡਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੁਹਿੰਮ ਤਹਿਤ ਸੂਰੀ ਹਿੱਲਜ਼, ਪੰਚਬਾਊਲ, ਵਿਲੇ ਪਾਰਕ, ਲਾਕੇਮਬਾ ਵਿਚ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ 4 ਲੋਕਾਂ ਨੂੰ ਬਿਨਾਂ ਕਿਸੇ ਦੋਸ਼ ਦੇ ਤਕਰੀਬਨ ਇਕ ਹਫਤੇ ਤੱਕ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ।