ਪਾਕਿਸਤਾਨ ਇਕ ''ਟੇਰਿਰਸਤਾਨ'' ਹੈ : ਭਾਰਤ

09/23/2017 12:32:37 PM

ਸੰਯੁਕਤ ਰਾਸ਼ਟਰ— ਪਾਕਿਸਤਾਨ ਨੂੰ 'ਟੇਰਿਰਸਤਾਨ' ਦੱਸਦੇ ਹੋਏ ਸ਼ੁੱਕਰਵਾਰ ਨੂੰ ਭਾਰਤ ਨੇ ਕਿਹਾ ਕਿ ਉਹ ਅੱਤਵਾਦ ਦਾ ਅੱਡਾ ਬਣ ਚੁੱਕਾ ਹੈ। ਉੱਥੇ ਇਸ ਦਾ ਵੱਧਦਾ-ਫੁੱਲਦਾ ਉਦਯੋਗ ਹੈ, ਜੋ ਗਲੋਬਲ ਅੱਤਵਾਦ ਪੈਦਾ ਕਰਦਾ ਹੈ ਅਤੇ ਉਸ ਦਾ ਨਿਰਯਾਤ ਕਰਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਸ਼ਮੀਰ ਮੁੱਦਾ ਉਠਾਇਆ ਸੀ, ਜਿਸ ਮਗਰੋਂ ਭਾਰਤ ਨੇ ਆਪਣੀ ਪ੍ਰਤੀਕਿਰਿਆ ਦੇਣ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਇਹ ਕਿੰਨੀ ਅਜੀਬ ਗੱਲ ਹੈ ਕਿ ਜਿਸ ਦੇਸ਼ ਨੇ ਓਸਾਮਾ ਬਿਨ ਲਾਦੇਨ ਨੂੰ ਸੁਰੱਖਿਆ ਦਿੱਤੀ ਅਤੇ ਮੁੱਲਾ ਉਮਰ ਨੂੰ ਸ਼ਰਨ ਦੇ ਰੱਖੀ ਹੈ, ਉਹੀ ਦੇਸ਼ ਖੁਦ ਨੂੰ ਪੀੜਤ ਦੱਸ ਰਿਹਾ ਹੈ। 
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਪਹਿਲੇ ਸਕੱਤਰ ਏਨਮ ਗੰਭੀਰ ਨੇ ਕਿਹਾ,''ਹੁਣ ਤੱਕ ਪਾਕਿਸਤਾਨ ਦੇ ਸਾਰੇ ਗੁਆਂਢੀ ਤੱਥਾਂ ਨੂੰ ਤੋੜਨ-ਮਰੋੜਨ, ਬੇਈਮਾਨੀ, ਚਾਲਾਕੀ ਅਤੇ ਧੋਖੇਬਾਜੀ 'ਤੇ ਆਧਾਰਿਤ ਕਹਾਣੀਆਂ ਤਿਆਰ ਕਰਨ ਦੀਆਂ ਉਸ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਪਰੇਸ਼ਾਨ ਹਨ।'' ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਕਲਪਕ ਤੱਥਾਂ ਨੂੰ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਅਸਲੀਅਤ ਨਹੀਂ ਬਦਲ ਜਾਂਦੀ। ਭਾਰਤੀ ਡਿਪਲੋਮੈਟ ਏਨਮ ਨੇ ਕਿਹਾ,''ਪਾਕਿਸਤਾਨ ਆਪਣੇ ਛੋਟੇ ਜਿਹੇ ਇਤਿਹਾਸ ਵਿਚ ਅੱਤਵਾਦ ਦਾ ਅੱਡਾ ਬਣ ਚੁੱਕਾ ਹੈ। ਉਹ ਧਰਤੀ ਜਿਸ ਨੂੰ 'ਪਾਕ' ਬਣਾਉਣਾ ਸੀ ਉਹ ਹੁਣ ਅਸਲ ਵਿਚ 'ਸ਼ੁੱਧ ਅੱਤਵਾਦ ਦੀ ਧਰਤੀ' ਬਣ ਚੁੱਕੀ ਹੈ। ਪਾਕਿਸਤਾਨ ਹੁਣ 'ਟੇਰਿਰਸਟਰ' ਹੈ, ਜਿੱਥੇ ਗਲੋਬਲ ਅੱਤਵਾਦ ਦਾ ਵੱਧਦਾ-ਫੁੱਲਦਾ ਉਦਯੋਗ ਹੈ, ਜੋ ਅੱਤਵਾਦ ਪੈਦਾ ਕਰ ਰਿਹਾ ਹੈ ਅਤੇ ਉਸ ਦਾ ਨਿਰਯਾਤ ਕਰ ਰਿਹਾ ਹੈ।'' 
ਉਨ੍ਹਾਂ ਨੇ ਕਿਹਾ,''ਪਾਕਿਸਤਾਨ ਦੀ ਵਰਤਮਾਨ ਸਥਿਤੀ ਦਾ ਅੰਦਾਜ਼ਾ ਇਸੇ ਤੱਥ ਨਾਲ ਲਗਾਇਆ ਜਾ ਸਕਦਾ ਹੈ ਕਿ ਲਸ਼ਕਰ ਏ ਤੈਅਬਾ ਜਿਸ ਨੂੰ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਸੰਗਠਨ ਐਲਾਨ ਕੀਤਾ ਹੈ ਉਸ ਦਾ ਪ੍ਰਮੁੱਖ ਹਾਫਿਜ਼ ਮੁਹੰਮਦ ਸਈਦ ਹੁਣ ਰਾਜਨੀਤਕ ਦਲ ਦਾ ਨੇਤਾ ਬਨਣ ਦੀ ਤਿਆਰੀ ਕਰ ਰਿਹਾ ਹੈ।''