ਪਾਕਿਸਤਾਨ ’ਚ ਟੀ. ਵੀ. ਐਂਕਰ ਰਿਹਾਅ, ਕੁਝ ਦਿਨ ਪਹਿਲਾਂ ਹੋਈ ਸੀ ਗ੍ਰਿਫਤਾਰੀ

07/11/2022 6:15:42 PM

ਲਾਹੌਰ– ਪਾਕਿਸਤਾਨ ਦੇ ਇਕ ਪ੍ਰਮੁੱਖ ਟੈਲੀਵਿਜ਼ਨ ਚੈਨਲ ਦੇ ਐਂਕਰ ਨੂੰ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਗਿਆ, ਜਿਸ ਨੂੰ ਇਸਲਾਮਾਬਾਦ ਦੇ ਕੋਲ ਇਸ ਹਫ਼ਤੇ ਦੇ ਸ਼ੁਰੂ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਈ ਕੋਰਟ ਨੇ ਉਸ ਨੂੰ ਇਕ ਕੇਸ ’ਚ ਜ਼ਮਾਨਤ ਦੇ ਦਿੱਤੀ ਅਤੇ ਉਸ ਵਿਰੁੱਧ ਹੋਰ ਕੇਸ ਖਾਰਜ ਕਰ ਦਿੱਤੇ। ਇਹ ਜਾਣਕਾਰੀ ਸਰਕਾਰੀ ਵਕੀਲ ਨੇ ਦਿੱਤੀ।
ਇਮਰਾਨ ਰਿਆਜ਼ ਖਾਨ ਨੂੰ ਮੰਗਲਵਾਰ ਨੂੰ ਹਿਰਾਸਤ ’ਚ ਲਿਆ ਗਿਆ ਸੀ, ਹਾਲਾਂਕਿ ਕੁਝ ਹਫਤੇ ਪਹਿਲਾਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਇਕ ਅਦਾਲਤ ਨੇ ਪੁਲਸ ਨੂੰ ਉਸ ਨੂੰ ਅਤੇ ਕਈ ਹੋਰ ਪੱਤਰਕਾਰਾਂ ਨੂੰ ਦੇਸ਼ ਦੀ ਫੌਜ ਖਿਲਾਫ ਨਫਰਤ ਭੜਕਾਉਣ ਦਾ ਦੋਸ਼ ਲਾਉਣ ਵਾਲੀਆਂ ਸ਼ਿਕਾਇਤਾਂ ’ਤੇ ਗ੍ਰਿਫਤਾਰ ਨਾ ਕਰਨ ਦਾ ਹੁਕਮ ਦਿੱਤਾ ਸੀ।

ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਖਾਨ ਖਿਲਾਫ ਕੁੱਲ 17 ਮਾਮਲੇ ਦਰਜ ਕੀਤੇ ਗਏ ਸਨ। ਪੰਜਾਬ ਦੇ ਐਡਵੋਕੇਟ ਜਨਰਲ ਪਰਵੇਜ਼ ਸ਼ੌਕਤ ਅਨੁਸਾਰ, ਖਾਨ ਨੂੰ ਲੋਕਾਂ ਨੂੰ ਅੰਦੋਲਨ ਲਈ ਭੜਕਾਉਣ ਅਤੇ ਅਰਾਜਕਤਾ ਪੈਦਾ ਕਰਨ ਦੇ ਦੋਸ਼ਾਂ ਨੂੰ ਲੈ ਕੇ 10 ਦਿਨਾਂ ਦੀ ਮਿਆਦ ਲਈ ਯਾਨੀ ਅਗਲੀ ਸੁਣਵਾਈ ਤੱਕ ਜ਼ਮਾਨਤ ਦਿੱਤੀ ਗਈ।

ਉੱਥੇ ਹੀ 16 ਹੋਰ ਮਾਮਲਿਆਂ ਨੂੰ ਖਾਰਿਜ ਕਰ ਦਿੱਤਾ ਗਿਆ। ਖਾਨ ਇਕ ਟੀ. ਵੀ. ਚੈਨਲ ਦਾ ਐਂਕਰ ਹੈ, ਜਿਸ ਨੇ ਹਾਲ ਹੀ ’ਚ ਸਮਾ ਟੀ. ਵੀ. ’ਤੇ ਇਕ ਪ੍ਰਗੋਰਾਮ ਦੀ ਮੇਜ਼ਬਾਨੀ ਕੀਤੀ ਸੀ।

Rakesh

This news is Content Editor Rakesh