ਈਰਾਨ ਨੇ ਦੋ ਮਹੀਨੇ ਬਾਅਦ ਛੱਡਿਆ ਬ੍ਰਿਟਿਸ਼ ਤੇਲ ਟੈਂਕਰ

09/23/2019 4:02:09 PM

ਤੇਹਰਾਨ (ਏਜੰਸੀ)- ਈਰਾਨ ਨੇ ਆਖਿਰਕਾਰ ਦੋ ਮਹੀਨੇ ਬਾਅਦ ਬ੍ਰਿਟਿਸ਼ ਤੇਲ ਟੈਂਕਰਾਂ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ। ਈਰਾਨ ਸਰਕਾਰ ਦੇ ਬੁਲਾਰੇ ਅਲੀ ਰਬੇਈ ਨੇ ਸੋਮਵਾਰ ਨੂੰ ਕਿਹਾ ਕਿ ਇਕ ਬ੍ਰਿਟਿਸ਼ ਝੰਡੇ ਵਾਲੇ ਤੇਲ ਟੈਂਕਰ ਨੂੰ ਖਾੜੀ ਵਿਚ ਜ਼ਬਤ ਕੀਤੇ ਜਾਣ ਦੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਬਾਅਦ ਸੁਤੰਤਰ ਕਰਨ ਦਾ ਫੈਸਲਾ ਲਿਆ ਗਿਆ ਹੈ।
ਅਲੀ ਨੇ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਖਤਮ ਹੋ ਗਈ ਹੈ ਅਤੇ ਇਸ ਆਧਾਰ 'ਤੇ ਕਿ ਤੇਲ ਟੈਂਕਰ ਨੂੰ ਮੁਕਤ ਕਰਨ ਦੀਆਂ ਸ਼ਰਤਾਂ ਪੂਰੀਆਂ ਹੋ ਗਈਆਂ ਹਨ। ਇਸ ਨੂੰ ਅੱਗੇ ਜਾਣ ਲਈ ਛੱਡਿਆ ਜਾ ਰਿਹਾ ਹੈ। ਇਹ ਐਲਾਨ ਇਕ ਪ੍ਰੈਸ ਕਾਨਫਰੰਸ ਦੌਰਾਨ ਈਰਾਨ ਸਰਕਾਰ ਦੇ ਬੁਲਾਰੇ ਵਲੋਂ ਕੀਤਾ ਗਿਆ।
ਈਰਾਨ ਨੇ 18 ਜੁਲਾਈ ਨੂੰ ਸਟ੍ਰੇਟ ਆਫ ਹੋਰਮੁਜ ਵਿਚ ਬ੍ਰਿਟਿਸ਼ ਆਇਲ ਟੈਂਕਰ ਸਟੇਨਾ ਇੰਪੇਰੋ ਨੂੰ ਕਬਜ਼ੇ ਵਿਚ ਲੈ ਲਿਆ ਸੀ। ਇਸ ਤੋਂ ਬਾਅਦ ਬ੍ਰਿਟੇਨ ਅਤੇ ਈਰਾਨ ਵਿਚਾਲੇ ਤਣਾਅ ਕਾਫੀ ਵੱਧ ਗਿਆ ਸੀ। ਇਧਰ, ਅਮਰੀਕਾ ਨੇ ਵੀ ਈਰਾਨ ਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ। ਇਸ ਜਹਾਜ਼ 'ਤੇ 23 ਕਰੂ ਮੈਂਬਰਾਂ ਵਿਚੋਂ 18 ਭਾਰਤੀ ਸਨ। 15 ਅਗਸਤ ਨੂੰ ਵੀ ਤੇਲ ਟੈਂਕਰ 'ਤੇ ਸਵਾਰ ਇਕ ਭਾਰਤੀ ਕੈਪਟਨ ਸਣੇ ਚਾਰ ਕਰੂ ਮੈਂਬਰਾਂ ਨੂੰ ਰਿਹਾਅ ਕੀਤਾ ਗਿਆ ਸੀ।

Sunny Mehra

This news is Content Editor Sunny Mehra