ਆਸਟ੍ਰੇਲੀਆ 'ਚ ਇੱਛਾ ਮੌਤ ਦੀ ਉਮਰ ਘਟਾਉਣ 'ਤੇ ਵਿਚਾਰ, 14 ਸਾਲਾ ਨਾਬਾਲਗ ਨੂੰ ਵੀ ਮਿਲੇਗਾ ਅਧਿਕਾਰ

06/30/2023 2:25:46 PM

ਸਿਡਨੀ- ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਸਰਕਾਰ ਬ੍ਰੇਨ ਡੈੱਡ ਲੋਕਾਂ ਲਈ ਇੱਛਾ ਮੌਤ ਦੀ ਘੱਟੋ-ਘੱਟ ਉਮਰ ਵਧਾ ਕੇ 14 ਸਾਲ ਕਰਨ ਜਾ ਰਹੀ ਹੈ। ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਇਹ ਇੱਛਾ ਮੌਤ ਸਬੰਧੀ ਸਭ ਤੋਂ ਉਦਾਰ ਕਾਨੂੰਨ ਹੋਵੇਗਾ, ਜਿਸ ਤਹਿਤ ਬੱਚੇ ਵੀ ਅਜਿਹੇ ਅਧਿਕਾਰ ਪ੍ਰਾਪਤ ਕਰ ਸਕਣਗੇ। ਜ਼ਿਕਰਯੋਗ ਹੈ ਕਿ ਇਹ ਫੈ਼ਸਲਾ 23 ਸਾਲਾ ਲਿਲੀ ਥਾਈ ਨਾਮ ਦੀ ਕੁੜੀ ਦੀ ਦੱਖਣੀ ਆਸਟ੍ਰੇਲੀਆ ਦੇ ਸਹਾਇਕ ਮਰਨ ਵਾਲੇ ਕਾਨੂੰਨਾਂ ਦੁਆਰਾ ਮੌਤ ਦੇ ਇੱਕ ਹਫ਼ਤੇ ਬਾਅਦ ਆਇਆ ਹੈ। ਲਿਲੀ 17 ਸਾਲ ਦੀ ਉਮਰ ਤੋਂ ਹੀ ਇਕ ਲਾਇਲਾਜ ਬਿਮਾਰੀ ਨਾਲ ਪੀੜਤ ਸੀ।

ਉਮਰ ਦਾ ਫ਼ੈਸਲਾ ਸਿਰਫ ਬਰਥ ਸਰਟੀਫਿਕੇਟ ਦੁਆਰਾ ਨਹੀਂ 

ਇਸ ਕਾਨੂੰਨ ਬਾਰੇ ਰਾਜ ਦੀ ਮਨੁੱਖੀ ਅਧਿਕਾਰ ਮੰਤਰੀ ਤਾਰਾ ਸ਼ੀਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਸੀਂ ਫ਼ੈਸਲੇ ਲੈਣ ਲਈ ਪੀੜਤ ਦੀ ਉਮਰ 18 ਤੋਂ ਘਟਾ ਕੇ 14 ਸਾਲ ਕਰਨ ਬਾਰੇ ਵਿਚਾਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਉਮਰ ਸੀਮਾ ਸੋਚ ਵਿਚਾਰ ਦਾ ਵਿਸ਼ਾ ਹੈ ਅਤੇ ਸਿਰਫ ਬਰਥ ਸਰਟੀਫਿਕੇਟ ਦਿਖਾਉਣਾ ਹੀ ਕਾਫੀ ਨਹੀਂ ਹੋਵੇਗਾ, ਸਗੋਂ ਸਿਹਤ ਮਾਹਿਰ ਉਸ ਵਿਅਕਤੀ ਦੀ ਫ਼ੈਸਲਾ ਲੈਣ ਦੀ ਸਮਰੱਥਾ ਅਨੁਸਾਰ ਫ਼ੈਸਲਾ ਕਰਨਗੇ।

80 ਫੀਸਦੀ ਲੋਕਾਂ ਨੇ ਕੀਤਾ ਸਮਰਥਨ

ਸ਼ੇਨ ਅਨੁਸਾਰ ਉਸਦੇ ਕਾਨੂੰਨ ਨੂੰ ਜਨਤਕ ਸਮਰਥਨ ਪ੍ਰਾਪਤ ਹੈ, ਜੋ ਇਸ ਬਾਰੇ ਕਮਿਊਨਿਟੀ ਸਲਾਹ-ਮਸ਼ਵਰੇ ਦੇ ਪ੍ਰੋਗਰਾਮਾਂ ਵਿੱਚ ਝਲਕਦਾ ਸੀ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਕੰਸਲਟੇਸ਼ਨ ਵਿੱਚ 3000 ਤੋਂ ਵੱਧ ਲੋਕਾਂ ਨੇ ਭਾਗ ਲਿਆ ਅਤੇ 500 ਲੋਕਾਂ ਨੇ ਲਿਖਤੀ ਰੂਪ ਵਿੱਚ ਆਪਣੀ ਰਾਏ ਦਿੱਤੀ। 80 ਫੀਸਦੀ ਲੋਕਾਂ ਨੇ ਇੱਛਾ ਮੌਤ ਦਾ ਸਮਰਥਨ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ ਹਿੰਸਾ: ਪ੍ਰਦਰਸ਼ਨਕਾਰੀਆਂ ਨੇ 13 ਬੱਸਾਂ ਨੂੰ ਲਾਈ ਅੱਗ, ਹੁਣ ਤੱਕ 400 ਤੋਂ ਵੱਧ ਲੋਕ ਗ੍ਰਿਫ਼ਤਾਰ (ਤਸਵੀਰਾਂ)

ਫ਼ੈਸਲੇ ਦਾ ਵਿਰੋਧ

ਦੂਜੇ ਪਾਸੇ ਸਰਕਾਰ ਦੀ ਇਸ ਕਵਾਇਦ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਗ੍ਰਹਿ ਮਾਮਲਿਆਂ ਦੇ ਸ਼ੈਡੋ ਮੰਤਰੀ ਜੇਮਜ਼ ਪੈਟਰਸਨ ਨੇ ਉਮਰ ਘਟਾਉਣ ਦੀ ਯੋਜਨਾ ਨੂੰ 'ਖੌਫ਼ਨਾਕ' ਦੱਸਿਆ ਹੈ। ਉਸਨੇ ਦਲੀਲ ਦਿੱਤੀ ਕਿ ਇੱਕ ਵਿਅਕਤੀ ਜੋ ਇੱਕ ਬਾਲਗ ਵੀ ਨਹੀਂ ਹੈ; ਉਸ ਨੂੰ ਆਪਣੇ ਫ਼ੈਸਲੇ ਖ਼ੁਦ ਲੈਣ ਦੀ ਸਮਝ ਨਹੀਂ ਹੁੰਦੀ, ਉਸ ਨੂੰ ਇੱਛਾ ਮੌਤ ਦੀ ਚੋਣ ਕਰਨ ਦਾ ਅਧਿਕਾਰ ਦੇਣਾ ਕਿੱਥੋਂ ਤੱਕ ਸਹੀ ਹੋਵੇਗਾ। ਅਜਿਹਾ ਕਰਨ ਨਾਲ ਸਿਰਫ ਖਤਰਾ ਵਧੇਗਾ।

ਨੀਦਰਲੈਂਡ 'ਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੱਛਾ ਮੌਤ ਨੂੰ ਮਨਜ਼ੂਰੀ ਦੇਣ ਦੀ ਤਿਆਰੀ

ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ 2017 ਵਿੱਚ ਕਾਨੂੰਨ ਲਾਗੂ ਹੋਣ ਤੋਂ ਬਾਅਦ ਦੇਸ਼ ਵਿੱਚ ਸੈਂਕੜੇ ਲੋਕਾਂ ਨੇ ਇੱਛਾ ਮੌਤ ਨੂੰ ਚੁਣਿਆ ਹੈ। ਵਿਕਟੋਰੀਆ ਵਿੱਚ ਅਜਿਹੇ ਲੋਕਾਂ ਦੀ ਗਿਣਤੀ 600 ਤੋਂ ਵੱਧ ਹੈ। ਦੂਜੇ ਪਾਸੇ ਨੀਦਰਲੈਂਡ ਇੱਛਾ ਮੌਤ ਲਈ ਘੱਟੋ-ਘੱਟ ਉਮਰ ਸੀਮਾ ਨੂੰ ਹਟਾਉਣ ਜਾ ਰਿਹਾ ਹੈ। ਉਹ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਦੀ ਪ੍ਰਵਾਨਗੀ ਦੇਣ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana