ਕੈਨੇਡਾ: ਮਿਸੀਸਾਗਾ ''ਚ ਗੋਲੀਬਾਰੀ, 1 ਹਲਾਕ ਤੇ 5 ਜ਼ਖਮੀ

09/15/2019 9:35:27 PM

ਮਿਸੀਸਾਗਾ— ਮਿਸੀਸਾਗਾ 'ਚ ਬੀਤੀ ਸ਼ਾਮ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ। ਪੀਲ ਰੀਜ਼ਨਲ ਪੁਲਸ ਦਾ ਕਹਿਣਾ ਹੈ ਕਿ ਮਿਸੀਸਾਗਾ 'ਚ ਹੋਈ ਗੋਲੀਬਾਰੀ ਤੋਂ ਬਾਅਦ ਇਕ 17 ਸਾਲਾ ਅੱਲ੍ਹੜ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ। ਅਜੇ ਇਸ ਸਬੰਧ 'ਚ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਹੈ।

ਸ਼ਨੀਵਾਰ ਰਾਤ ਦੀ ਗੋਲੀਬਾਰੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੁਲਸ ਚੀਫ ਕ੍ਰਿਸ ਮੈਕੋਰਡ ਨੇ ਕਿਹਾ ਕਿ ਇਕ ਔਰਤ ਦੀ ਉਮਰ 50 ਸਾਲ ਦੇ ਕਰੀਬ ਹੈ ਤੇ ਬਾਕੀ ਸਾਰੇ ਜ਼ਖਮੀਆਂ ਦੀ ਉਮਰ 18 ਸਾਲ ਤੋਂ ਘੱਟ ਦੀ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਜ਼ਖਮੀਆਂ 'ਚੋਂ ਇਕ ਪੀੜਤ ਦੀ ਜਾਨ ਨੂੰ ਖਤਰਾ ਹੈ ਤੇ ਬਾਕੀਆਂ ਦੀਆਂ ਸੱਟਾਂ ਗੰਭੀਰ ਹਨ ਪਰ ਉਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।

ਪੁਲਸ ਨੇ ਘਟਨਾ ਦੇ ਸਬੰਧ 'ਚ ਕਿਹਾ ਕਿ ਉਨ੍ਹਾਂ ਨੂੰ ਕੁਝ ਸ਼ੱਕੀ ਵਿਅਕਤੀਆਂ ਦੀ ਭਾਲ ਹੈ, ਜੋ ਕਿ ਅਰਧ-ਆਟੋਮੈਟਿਕ ਹਥਿਆਰਾਂ ਨਾਲ ਲੈਸ ਹੈ ਤੇ ਗੋਲੀਬਾਰੀ ਤੋਂ ਬਾਅਦ ਇਲਾਕੇ 'ਚੋਂ ਭੱਜ ਗਏ ਸਨ। ਮੈਕੋਰਡ ਨੇ ਕਿਹਾ ਕਿ ਪੁਲਸ ਨੇ ਇਲਾਕੇ ਨੂੰ ਘੇਰਿਆ ਹੋਇਆ ਹੈ ਪਰ ਉਨ੍ਹਾਂ ਨੂੰ ਆਮ ਲੋਕਾਂ ਦੀ ਸੁਰੱਖਿਆ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕੀਆਂ ਦੇ ਵਾਪਸ ਆਉਣ ਦੀ ਕੋਈ ਆਸ ਨਹੀਂ ਹੈ। ਇਸ ਦੇ ਨਾਲ ਹੀ ਰੀਜ਼ਨਲ ਪੀਲ ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰੇ।

Baljit Singh

This news is Content Editor Baljit Singh