NSW 'ਚ ਸੜਕ ਹਾਦਸੇ ਕਾਰਨ ਇਕ ਨੌਜਵਾਨ ਦੀ ਮੌਤ ਤੇ 3 ਗੰਭੀਰ ਜ਼ਖਮੀ

09/15/2019 3:33:22 PM

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਅੱਜ ਸੜਕ ਦੁਰਘਟਨਾ ਕਾਰਨ ਇਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ ਤੇ ਹੋਰ 3 ਜ਼ਖਮੀ ਹੋ ਗਏ। ਹਾਦਸਾ ਐਤਵਾਰ ਦੁਪਹਿਰ 3 ਵਜੇ ਕੋਵਰਾ ਇਲਾਕੇ 'ਚ ਵਾਪਰਿਆ। ਇੱਥੇ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਹੋਲਡਨ ਸੇਡਾਨ ਗੱਡੀ 'ਚ 4 ਵਿਅਕਤੀ ਸਵਾਰ ਸਨ ਕਿ ਅਚਾਨਕ ਇਹ ਬੇਕਾਬੂ ਹੋ ਗਈ ਅਤੇ ਇਕ ਦਰੱਖਤ ਨਾਲ ਟਕਰਾ ਗਈ ਤੇ ਉਲਟਦੀ ਹੋਈ ਡਿੱਗੀ। ਨਿਊ ਸਾਊਥ ਵੇਲਜ਼ ਐਂਬੂਲੈਂਸ, ਸਥਾਨਕ ਪੁਲਸ ਅਤੇ ਫਾਇਰ ਤੇ ਰੈਸਕਿਊ ਅਧਿਕਾਰੀਆਂ ਨੇ ਘਟਨਾ ਵਾਲੇ ਸਥਾਨ 'ਤੇ ਜਾ ਕੇ ਪੀੜਤਾਂ ਦੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ 17 ਸਾਲਾ ਨੌਜਵਾਨ ਦੀ ਘਟਨਾ ਵਾਲੇ ਸਥਾਨ 'ਤੇ ਹੀ ਮੌਤ ਹੋ ਗਈ।

 

18 ਸਾਲਾ ਡਰਾਈਵਰ ਨੂੰ ਲਿਵਰਪੂਲ ਹਸਪਤਾਲ, 17 ਸਾਲਾ ਕੁੜੀ ਨੂੰ ਰਾਇਲ ਨਾਰਥ ਸ਼ੋਰ ਹਸਪਤਾਲ ਅਤੇ 19 ਸਾਲਾ ਨੌਜਵਾਨ ਨੂੰ ਵੈੱਸਟਮੇਡ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਤਿੰਨਾਂ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਵਲੋਂ ਘਟਨਾ ਦੇ ਕਾਰਨਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਨ ਕਾਫੀ ਸਮੇਂ ਤਕ ਡਾਰਬੀਜ਼ ਫਾਲਜ਼ ਰੋਡ ਨੂੰ ਬੰਦ ਕਰਨਾ ਪਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ। ਪੀੜਤਾਂ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਗਈ।