ਮਿਸਰ ''ਚ ਮਿਆਂਮਾਰ ਦੂਤਾਵਾਸ ''ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹਸਮ ਨੇ

10/02/2017 9:34:03 AM

ਕਾਹਿਰਾ (ਵਾਰਤਾ)— ਅੱਤਵਾਦੀ ਸੰਗਠਨ ਹਸਮ ਨੇ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਮਿਆਂਮਾਰ ਦੂਤਾਵਾਸ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕਰਨ ਦੀ ਜ਼ਿੰਮੇਵਾਰੀ ਲਈ ਹੈ। ਹਸਮ ਵੱਲੋਂ ਇਕ ਬਿਆਨ ਜਾਰੀ ਕਰ ਕਿਹਾ ਗਿਆ ਕਿ ਮਿਆਂਮਾਰ ਵਿਚ ਫੌਜ ਵੱਲੋਂ ਰੋਹਿੰਗਿਆ ਮੁਸਲਮਾਨਾਂ ਵਿਰੁੱਧ ਹੋ ਰਹੀ ਹਿੰਸਾ ਦਾ ਬਦਲਾ ਲੈਣ ਲਈ ਉਨ੍ਹਾਂ ਦੇ ਦੂਤਾਵਾਸ ਨੂੰ ਇੱਥੇ ਨਿਸ਼ਾਨਾ ਬਣਾਇਆ ਹੈ। ਬਿਆਨ ਵਿਚ ਕਿਹਾ ਗਿਆ,''ਇਹ ਛੋਟਾ ਧਮਾਕਾ ਕਾਤਲਾਂ ਲਈ ਚਿਤਾਵਨੀ ਹੈ, ਰਖਾਇਨ ਸੂਬੇ ਵਿਚ ਔਰਤਾਂ ਅਤੇ ਬੱਚਿਆਂ ਦੀ ਹੱਤਿਆ ਕਰਨ ਵਾਲਿਆਂ ਲਈ, ਰਖਾਇਨ ਦੇ ਕਮਜ਼ੋਰ ਮੁਸਲਮਾਨਾਂ ਨਾਲ ਏਕਤਾ ਦਿਖਾਉਣ ਲਈ ਧਮਾਕਾ ਕੀਤਾ ਗਿਆ ਹੈ।'' ਗੌਰਤਲਬ ਹੈ ਕਿ ਮਿਆਂਮਾਰ ਦੇ ਰਖਾਇਨ ਸੂਬੇ ਵਿਚ ਫੌਜ ਵੱਲੋਂ ਰੋਹਿੰਗਿਆ ਮੁਸਲਮਾਨਾਂ ਵਿਰੁੱਧ 25 ਅਗਸਤ ਤੋਂ ਹਿੰਸਾ ਜਾਰੀ ਹੈ। ਰਖਾਇਨ ਤੋਂ ਜਾਨ ਬਚਾ ਕੇ ਲੱਗਭਗ 4 ਲੱਖ 10 ਹਜ਼ਾਰ ਤੋਂ ਜ਼ਿਆਦਾ ਰੋਹਿੰਗਿਆ ਬੰਗਲਾਦੇਸ਼ ਪਹੁੰਚ ਚੁੱਕੇ ਹਨ।