ਅਮਰੀਕਾ ’ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪਿਤਾ ਪ੍ਰੋ. ਬਿਸ਼ਨ ਸਿੰਘ ਸਮੁੰਦਰੀ ਦੀਆਂ ਯਾਦਾਂ ਕੀਤੀਆਂ ਤਾਜ਼ਾ

01/05/2024 11:05:07 AM

ਜਲੰਧਰ (ਵਿਸ਼ੇਸ਼)– ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਆਪਣੇ ਪਿਤਾ ਪ੍ਰੋ. ਬਿਸ਼ਨ ਸਿੰਘ ਸਮੁੰਦਰੀ ਨੂੰ ਉਨ੍ਹਾਂ ਦੇ ਜਨਮਦਿਨ ’ਤੇ ਯਾਦ ਕਰਕੇ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ।

ਸ. ਤੇਜਾ ਸਿੰਘ ਸਮੁੰਦਰੀ ਦੇ ਪੁੱਤਰ ਤੇ ਗੁਰਦੁਆਰਾ ਸੁਧਾਰ ਅੰਦੋਲਨ ਦੀ ਪ੍ਰਸਿੱਧ ਸ਼ਖ਼ਸੀਅਤ ਪ੍ਰੋ. ਬਿਸ਼ਨ ਸਿੰਘ ਸਮੁੰਦਰੀ ਨੇ ਆਪਣੀ ਵਿਰਾਸਤ ਸਥਾਪਿਤ ਕੀਤੀ ਤੇ ਪੰਜਾਬ ਲਈ ਅਹਿਮ ਯੋਗਦਾਨ ਪਾਇਆ। ਉਹ ਇਕ ਖੇਤੀਬਾੜੀ ਵਿਗਿਆਨੀ, ਸਿੱਖਿਆ ਮਾਹਿਰ, ਪ੍ਰਸ਼ਾਸਕ ਤੇ ਸਮਾਜ ਲਈ ਕੁਝ ਚੰਗਾ ਕਰਨ ’ਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਸਨ।

1964 ’ਚ ਸ. ਬਿਸ਼ਨ ਸਿੰਘ ਸਮੁੰਦਰੀ ਨੇ ਸਿੱਖਾਂ ਦੀ ਪ੍ਰਮੁੱਖ ਸੰਸਥਾ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਤੇ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ 5 ਸਾਲਾਂ ’ਚ ਬਹੁਤ ਸਾਰੀਆਂ ਚੀਜ਼ਾਂ ਬਦਲ ਦਿੱਤੀਆਂ।

ਖ਼ਾਲਸਾ ਕਾਲਜ ’ਚ ਉਨ੍ਹਾਂ ਦੇ ਸ਼ਾਨਦਾਰ ਕੰਮ ਨੂੰ ਵਿਆਪਕ ਮਾਨਤਾ ਮਿਲੀ ਤੇ 1969 ’ਚ ਉਨ੍ਹਾਂ ਨੂੰ ਅੰਮ੍ਰਿਤਸਰ ’ਚ ਖੁੱਲ੍ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੰਸਥਾਪਕ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ। ਉਨ੍ਹਾਂ ਜੀ. ਐੱਨ. ਡੀ. ਯੂ. ਦੀ ਤਰੱਕੀ 'ਚ ਕਾਫੀ ਯੋਗਦਾਨ ਪਾਇਆ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਬਾਅਦ ਹੁਣ ਅਮਰੀਕਾ 'ਚ ਹਿੰਦੂ ਮੰਦਰਾਂ ਨਾਲ ਛੇੜਛਾੜ, ਖਾਲਿਸਤਾਨੀ ਸਮਰਥਕਾਂ ਨੇ ਲਿਖੇ ਭਾਰਤ ਵਿਰੋਧੀ ਨਾਅਰੇ

ਆਪਣੇ ਪਿਤਾ ਵਾਂਗ ਪੰਜਾਬੀਅਤ ਤੇ ਸਿੱਖ ਧਰਮ ਪ੍ਰੋ. ਸਮੁੰਦਰੀ ਦੇ ਦਿਲ ਦੇ ਨੇੜੇ ਰਹੇ। ਉਨ੍ਹਾਂ ਗੁਰੂ ਸਾਹਿਬਾਨ ਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਿੱਖਿਆਵਾਂ ਤੋਂ ਸ਼ਕਤੀ ਪ੍ਰਾਪਤ ਕੀਤੀ।

ਸ. ਬਿਸ਼ਨ ਸਿੰਘ ਸਮੁੰਦਰੀ ਦੀ ਪਤਨੀ ਜਗਜੀਤ ਕੌਰ ਸੰਧੂ ਨੇ ਵੀ ਆਪਣਾ ਜੀਵਨ ਅੰਮ੍ਰਿਤਸਰ ਤੇ ਪੰਜਾਬ ’ਚ ਔਰਤਾਂ ਦੀ ਸਿੱਖਿਆ 'ਚ ਲਾਇਆ। ਮਾਸਟਰਜ਼ ਕਰਨ ਤੋਂ ਬਾਅਦ ਉਹ ਪੰਜਾਬ ਦੀਆਂ ਉਨ੍ਹਾਂ ਮਹਿਲਾ ਸ਼ਖ਼ਸੀਅਤਾਂ 'ਚੋਂ ਇਕ ਸੀ, ਜਿਨ੍ਹਾਂ ਨੇ 1958 ’ਚ ਸੰਯੁਕਤ ਰਾਜ ਅਮਰੀਕਾ ਦੀ ‘ਓਹੀਓ ਸਟੇਟ ਯੂਨੀਵਰਸਿਟੀ’ ਤੋਂ ਪੀ. ਐੱਚ. ਡੀ. ਕੀਤੀ। ਉਹ ਸਰਕਾਰੀ ਮਹਿਲਾ ਕਾਲਜ ਅੰਮ੍ਰਿਤਸਰ ’ਚ ਪੜ੍ਹਾਉਣ ਲਈ ਵਾਪਸ ਆਈ ਤੇ ਬਾਅਦ ’ਚ ਕਾਲਜ ਦੀ ਪ੍ਰਿੰਸੀਪਲ ਬਣੀ।

ਜ਼ਿਕਰਯੋਗ ਹੈ ਕਿ ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ’ਚ ਭਾਰਤ ਦੇ ਰਾਜਦੂਤ ਦੇ ਰੂਪ ’ਚ ਭਾਰਤ ਤੇ ਅਮਰੀਕਾ ਵਿਚਾਲੇ ਸਿੱਖਿਆ ਤੇ ਗਿਆਨ ਦੀ ਭਾਈਵਾਲੀ ਨੂੰ ਮਜ਼ਬੂਤ ਕਰਨ, ਅਮਰੀਕਾ ਭਰ ਦੀਆਂ ਯੂਨੀਵਰਸਿਟੀਆਂ ਦੀ ਲੀਡਰਸ਼ਿਪ ਦੇ ਨਾਲ ਸਬੰਧ ਬਣਾਉਣ, ਸੈਂਟਰ ਆਫ਼ ਐਕਸੀਲੈਂਸ ਦਾ ਦੌਰਾ ਕਰਨ ਤੇ ਭਾਰਤ ਦੇ ਟੀਅਰ 2 ਤੇ ਟੀਅਰ 3 ਸ਼ਹਿਰਾਂ ਸਮੇਤ ਭਾਰਤੀ ਸੰਸਥਾਵਾਂ ਨਾਲ ਸਹਿਯੋਗ ਦੀ ਖੋਜ ਕਰਨ ਲਈ ਕੰਮ ਕੀਤਾ ਹੈ।

ਉਨ੍ਹਾਂ ਅਮਰੀਕੀ ਯੂਨੀਵਰਸਿਟੀਆਂ ਦੀ ਫੈਡਰੇਸ਼ਨ ਤੇ ਪ੍ਰਮੁੱਖ ਭਾਰਤੀ ਵਿੱਦਿਅਕ ਸੰਸਥਾਵਾਂ ਤੇ ਭਾਰਤ-ਅਮਰੀਕਾ ਦੀ ਜੁਆਇੰਟ ਟਾਸਕ ਫੋਰਸ ’ਚ ਵੀ ਯੋਗਦਾਨ ਪਾਇਆ।

ਜੂਨ 2023 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਅਮਰੀਕਾ ਦੀ ਫਰਸਟ ਲੇਡੀ ਜਿਲ ਬਿਡੇਨ, ਜੋ ਖ਼ੁਦ ਟੀਚਰ ਹਨ, ਨਾਲ ‘ਸਕਿਲਿੰਗ ਫਾਰ ਫਿਊਚਰ’ ’ਤੇ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜੋ ਇਸ ਖ਼ੇਤਰ ’ਚ ਦੋਵਾਂ ਦੇਸ਼ਾਂ ਦੇ ਗੂੜ੍ਹੇ ਰਿਸ਼ਤਿਆਂ ਨੂੰ ਦਰਸਾਉਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita