ਹਾਂਗਕਾਂਗ ''ਚ ਚਮਕੀ ਤਕਦੀਰ ਸਿੰਘ ਦੀ ''ਤਕਦੀਰ'', ਬਾਕਸਿੰਗ ਵਰਲਡ ਚੈਂਪੀਅਨਸ਼ਿਪ ਜਿੱਤ ਕੇ ਵਧਾਇਆ ਪੰਜਾਬ ਦਾ ਮਾਣ (ਤਸਵੀਰਾਂ)

01/20/2017 5:45:27 AM

ਹਾਂਗਕਾਂਗ— ਵਿਦੇਸ਼ਾਂ ਵਿਚ ਜਾ ਕੇ ਵਸੇ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਤਕਰੀਬਨ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ। ਹੁਣ ਉਹ ਖੇਡਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ ਅਤੇ ਦੁਨੀਆ ਨੂੰ ਆਪਣੀ ਤਾਕਤ ਤੋਂ ਜਾਣੂੰ ਕਰਵਾ ਰਹੇ ਹਨ। ਗੱਲ ਹੋ ਰਹੀ ਹੈ ਅਜਿਹੇ ਹੀ ਇਕ ਪੰਜਾਬੀ ਗੱਭਰੂ ਦੀ, ਜਿਸ ਨੇ ਮਹਿਜ਼ 15 ਸਾਲ ਦੀ ਉਮਰ ਵਿਚ ਹਾਂਗਕਾਂਗ ਵਿਖੇ ਹੋਈ 58 ਕਿਲੋ ਵਰਗ ਦੀ ਈ-1 ਬਾਕਸਿੰਗ ਵਰਲਡ ਚੈਂਪੀਅਨਸ਼ਿਪ, 2017 ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾ ਦਿੱਤਾ। ਹਾਂਗਕਾਂਗ ਦੇ ਜੰਮਪਲ ਅਤੇ ਪੰਜਾਬੀ ਪਿਛੋਕੜ ਨਾਲ ਸੰਬੰਧਤ ਤਕਦੀਰ ਸਿੰਘ ਨੇ ਬਾਕਸਿੰਗ ਦੇ ਜ਼ਬਰਦਸਤ ਮੁਕਾਬਲੇ ਵਿਚ ਚੋਟੀ ਦੇ ਖਿਡਾਰੀ ਐਮੀਗੋ ਸ਼ੋਈ ਨੂੰ ਧੂੜ ਚਟਾ ਕੇ ਇਤਿਹਾਸ ਰਚ ਦਿੱਤਾ। 
ਇਸ ਵਰਲਡ ਚੈਂਪੀਅਨਸ਼ਿਪ ਵਿਚ ਹਾਂਗਕਾਂਗ, ਜਾਪਾਨ, ਬਰਤਾਨੀਆ, ਬ੍ਰਾਜ਼ੀਲ, ਕੈਨੇਡਾ, ਤਾਈਵਾਨ ਅਤੇ ਇਟਲੀ ਸਮੇਤ ਕਰੀਬ 7 ਦੇਸ਼ਾਂ ਦੇ ਚੋਟੀ ਦੇ ਬਾਕਸਿੰਗ ਖਿਡਾਰੀਆਂ ਵੱਲੋਂ ਹਿੱਸਾ ਲਿਆ ਗਿਆ ਸੀ। ਤਕਦੀਰ ਸਿੰਘ ਦੇ ਪਿਤਾ ਅਤੇ ਪੰਜਾਬ ਦੇ ਪਿੰਡ ਭਲੂਰ ਜ਼ਿਲਾ ਮੋਗਾ ਦੇ ਵਸਨੀਕ ਹਰਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਪੂਰੀ ਦੁਨੀਆ ਵਿਚ ਉਨ੍ਹਾਂ ਦਾ ਹੀ ਨਹੀਂ ਸਗੋਂ ਸਮੁੱਚੀ ਪੰਜਾਬੀ ਕੌਮ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਇਹ ਮੁਕਾਬਲਾ ਇਸ ਲਈ ਵੀ ਰੋਚਕ ਸੀ ਕਿਉਂਕਿ 15 ਸਾਲਾ ਤਕਦੀਰ ਦਾ ਮੁਕਾਬਲਾ 37 ਸਾਲਾ ਐਮੀਗੋ ਸ਼ੋਈ ਨਾ ਸੀ। ਐਮੀਗੋ 18 ਵਰ੍ਹਿਆਂ ਦੀ ਉਮਰ ਤੋਂ ਬਾਕਸਿੰਗ ਖੇਡ ਰਹੇ ਹਨ ਅਤੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਚੈਂਪੀਅਨ ਰਹੇ ਸਨ। ਅਜਿਹੇ ਵਿਚ ਤਕਦੀਰ ਦੀ ਜਿੱਤ ਅਸੰਭਵ ਲੱਗ ਰਹੀ ਸੀ ਪਰ ਇਸ ਗੱਭਰੂ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ। ਤਕਦੀਰ ਸਿੰਘ ਦੀ ਇਸ ਸਫਲਤਾ ਦੇ ਚਰਚੇ ਹਾਂਗਕਾਂਗ ਦੀਆਂ ਪ੍ਰਮੁੱਖ ਅਖਬਾਰਾਂ ਦੀਆਂ ਸੁਰਖੀਆਂ ਬਣੇ ਅਤੇ ਪੂਰੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

Kulvinder Mahi

This news is News Editor Kulvinder Mahi