30 ਬੱਚਿਆਂ ਦੇ ਪਿਤਾ ਨੂੰ ਮਿਲੇ ਦੁਰਲੱਭ ਰਤਨ, ਬਣਿਆ ਕਰੋੜਪਤੀ

06/26/2020 6:34:36 PM

ਡੋਡੋਮਾ (ਬਿਊਰੋ): ਕਦੇ-ਕਦੇ ਲੋਕਾਂ ਦੀ ਕਿਸਮਤ ਅਚਾਨਕ ਚਮਕ ਪੈਂਦੀ ਹੈ ਅਤੇ ਉਹ ਕਰੋੜਪਤੀ ਬਣ ਜਾਂਦੇ ਹਨ। ਇਹ ਮਾਮਲਾ ਹੋਰ ਦਿਲਚਸਪ ਬਣ ਜਾਂਦਾ ਹੈ ਜਦੋਂ ਕਿਸੇ ਗਰੀਬ ਮਜ਼ਦੂਰ ਨਾਲ ਅਜਿਹਾ ਹੁੰਦਾ ਹੈ। ਉਹ ਰਾਤੋ-ਰਾਤ ਸੁਰਖੀਆਂ ਵਿਚ ਆ ਜਾਂਦਾ ਹੈ। ਪਿਛਲੇ ਦਿਨੀਂ ਤੰਜ਼ਾਨੀਆ ਦਾ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇਕ ਮਜ਼ਦੂਰ ਦੀ ਕਿਮਸਤ ਅਜਿਹੀ ਚਮਕੀ ਕਿ ਉਹ ਨਾ ਸਿਰਫ ਕਰੋੜਪਚੀ ਬਣ ਗਿਆ ਸਗੋਂ ਪੂਰਾ ਦੇਸ਼ ਉਸ ਦੀ ਸਫਲਤਾ ਦਾ ਗਵਾਹ ਬਣਿਆ। ਲੋਕ ਉਸ ਦੀ ਕਾਫੀ ਤਾਰੀਫ ਕਰ ਰਹੇ ਸਨ। ਹੁਣ ਉਸ ਦੇ ਬਾਰੇ ਵਿਚ ਇਕ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ ਕਿ ਉਹ 4 ਬੀਬੀਆਂ ਦਾ ਪਤੀ ਅਤੇ 30 ਬੱਚਿਆਂ ਦਾ ਪਿਓ ਹੈ।

ਤੰਜ਼ਾਨੀਆ ਦੇ ਇਕ ਮਾਈਨਰ ਨੂੰ ਗਾੜੇ ਬੈਂਗਨੀ-ਪੀਲੇ ਰੰਗ ਦੇ ਦੋ ਰਤਨ ਮਿਲੇ ਹਨ।ਇਹਨਾਂ ਵਿਚੋਂ ਇਕ 9.27 ਅਤੇ ਦੂਜਾ 5.10 ਕਿਲੋ ਦਾ ਹੈ।ਦੱਸਿਆ ਜਾਂਦਾ ਹੈ ਕਿ ਇਹ ਰਤਨ ਹੁਣ ਤੱਕ ਮਿਲੇ ਰਤਨਾਂ ਵਿਚੋਂ ਸਭ ਤੋਂ ਵੱਡੇ ਹਨ। ਇਹਨਾਂ ਰਤਨਾਂ ਦੇ ਬਦਲੇ ਤੰਜ਼ਾਨੀਆ ਸਰਕਾਰ ਨੇ ਉਸ ਨੂੰ ਇੰਨੀ ਵੱਡੀ ਰਾਸ਼ੀ ਦਿੱਤੀ ਕਿ ਹਰ ਕੋਈ ਹੈਰਾਨ ਰਹਿ ਗਿਆ। ਸਨਿਨੀਯੂ ਲੈਜਰ ਨਾਮ ਦੇ ਇਸ ਮਜ਼ਦੂਰ ਨੂੰ ਸਰਕਾਰ ਨੇ 7.74 ਬਿਲੀਅਨ ਤੰਜ਼ਾਨੀਆ ਸ਼ਿਲਿੰਗ ਮਤਲਬ 3.35 ਮਿਲੀਅਨ ਡਾਲਰ (ਕਰੀਬ 25 ਕਰੋੜ 36 ਲੱਖ ਦੇ ਬਰਾਬਰ) ਦਾ ਚੈੱਕ ਦਿੱਤਾ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਸਨਿਨੀਯੂ ਲੈਜਰ 30 ਬੱਚਿਆਂ ਦਾ ਪਿਤਾ ਅਤੇ 4 ਬੀਬੀਆਂ ਦਾ ਪਤੀ ਹੈ। 

ਇਹ ਰਤਨ ਦੇ ਮਿਲਣ ਦੇ ਬਾਅਦ ਲੈਜਰ ਨੇ ਦੱਸਿਆ ਕਿ ਮੈਂ ਸਖਤ ਮਿਹਨਤ ਅਤੇ ਲਗਨ ਨਾਲ ਆਪਣਾ ਕੰਮ ਕਰਦਾ ਹਾਂ। ਇਹ ਵਿਸ਼ਵਾਸ ਨਹੀਂ ਸੀ ਕਿ ਇਹ ਰਤਨ ਮੈਨੂੰ ਮਿਲ ਜਾਵੇਗਾ। ਲੈਜਰ ਨੂੰ ਬਕਾਇਦਾ ਇਕ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਗਿਆ। ਉੱਤਰੀ ਤੰਜ਼ਾਨੀਆ ਦੇ ਮਨਯਾਰਾ ਖੇਤਰ ਵਿਚ ਆਯੋਜਿਤ ਪ੍ਰੋਗਰਾਮ ਵਿਚ ਦੇਸ਼ ਦੇ ਖਣਨ ਮੰਤਰੀ ਸਾਈਮਨ ਮਸਨਜਿਲਾ ਨੇ ਕਿਹਾ ਕਿ ਇਹ ਇਤਿਹਾਸਿਕ ਮੌਕਾ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਇੰਨੇ ਵੱਡੇ ਆਕਾਰ ਦਾ ਟੈਂਜੇਨਾਈਟ ਦੇਖਣ ਨੂੰ ਨਹੀਂ ਮਿਲਿਆ। ਬੈਂਗਨੀ ਰੰਗ ਦੇ ਇਹਨਾਂ ਦੁਰਲੱਭ ਪੱਥਰਾਂ ਨੂੰ ਬੈਂਕ ਆਫ ਤੰਜਾਨੀਆਂ ਨੇ ਖਰੀਦਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨ ਨਾਲ ਸੰਬੰਧਾਂ ਬਾਰੇ ਜਾਂਚ ਦੌਰਾਨ ਆਸਟ੍ਰੇਲੀਆਈ ਸਾਂਸਦ ਦੀ ਜਾਇਦਾਦ 'ਤੇ ਛਾਪਾ

ਬੈਂਕ ਨੇ ਮਾਈਨਰ ਲੈਜੀਅਰ ਨੂੰ ਜਦੋਂ ਚੈੱਕ ਨਾਲ ਭੁਗਤਾਨ ਕੀਤਾ ਤਾਂ ਪੂਰਾ ਸਮਾਰੋਹ ਤਾੜੀਆਂ ਨਾਲ ਗੂੰਜ ਉਠਿਆ। ਇਸ ਪ੍ਰੋਗਰਾਮ ਦਾ ਟੀਵੀ 'ਤੇ ਲਾਈਵ ਪ੍ਰਸਾਰਨ ਕੀਤਾ ਗਿਆ ਸੀ। ਇਸ ਮੌਕੇ 'ਤੇ ਦੇਸ਼ ਦੇ ਰਾਸ਼ਟਰਪਤੀ ਜੌਨ ਮਗੁਫੁਲੀ ਨੇ ਲੈਜਰ ਨੂੰ ਫੋਨ ਕਰਕੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਤੰਜ਼ਾਨੀਆ ਨੇ ਪਿਛਲੇ ਸਾਲ ਦੇਸ਼ ਭਰ ਵਿਚ ਅਜਿਹੇ ਕੇਂਦਰ ਸਥਾਪਿਤ ਕੀਤੇ ਸਨ, ਜਿੱਥੇ ਖਣਨ ਕਰਮੀ ਸਰਕਾਰ ਨੂੰ ਰਤਨ ਅਤੇ ਸੋਨਾ ਵੇਚ ਸਕਦੇ ਹਨ। ਇਸ ਦਾ ਉਦੇਸ਼ ਗੈਰ ਕਾਨੂੰਨੀ ਵਪਾਰ ਨੂੰ ਰੋਕਣਾ ਹੈ। ਫਿਲਹਾਲ ਲੈਜਰ ਨਾਮਕ ਇਸ ਮਜ਼ਦੂਰ ਦੀ ਕਹਾਣੀ ਪੂਰੇ ਤੰਜ਼ਾਨੀਆ ਵਿਚ ਛਾਈ ਹੋਈ ਹੈ।ਅੰਤਰਰਾਸ਼ਟਰੀ ਮੀਡੀਆ ਵਿਚ ਵੀ ਇਹ ਮਾਈਨਰ ਸੁਰਖੀਆਂ ਵਿਚ ਹੈ। ਲੋਕ ਉਸ ਨੂੰ ਖੁਸ਼ਕਿਮਸਤ ਸ਼ਖਸ ਦੱਸ ਰਹੇ ਹਨ।

Vandana

This news is Content Editor Vandana