ਬ੍ਰਿਟੇਨ ਦੀ ਸੰਸਦ ''ਚ ਛਾਏ ਤਨਮਨਜੀਤ ਸਿੰਘ ਢੇਸੀ, PM ਜਾਨਸਨ ਨੂੰ ਘੇਰਿਆ

09/05/2019 3:07:21 PM

ਲੰਡਨ— ਬ੍ਰਿਟੇਨ 'ਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਬੁੱਧਵਾਰ ਨੂੰ ਸੰਸਦ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਇਸ ਤਰ੍ਹਾਂ ਘੇਰਿਆ ਕਿ ਉਨ੍ਹਾਂ ਦੇ ਸਮਰਥਨ 'ਚ ਬਾਕੀ ਸੰਸਦ ਮੈਂਬਰਾਂ ਨੇ ਖੂਬ ਤਾਲੀਆਂ ਵਜਾਈਆਂ , ਉਸ ਸਮੇਂ ਪੀ. ਐੱਮ. ਜਾਨਸਨ ਸੰਸਦ 'ਚ ਹੀ ਮੌਜੂਦ ਸਨ।

ਤਨਮਨਜੀਤ ਸਿੰਘ ਢੇਸੀ ਨੇ ਪ੍ਰਧਾਨ ਮੰਤਰੀ ਬੋਰਿਸ ਨੂੰ ਪੀ. ਐੱਮ. ਬਣਨ ਤੋਂ ਪਹਿਲਾਂ ਮੁਸਲਿਮ ਔਰਤਾਂ 'ਤੇ ਕੀਤੀ ਗਈ ਉਨ੍ਹਾਂ ਦੀ ਨਸਲਵਾਦੀ ਟਿੱਪਣੀ ਲਈ ਮੁਆਫੀ ਮੰਗਣ ਲਈ ਕਿਹਾ। ਅਸਲ 'ਚ 2018 'ਚ ਬੋਰਿਸ ਜਾਨਸਨ ਨੇ 'ਦਿ ਟੈਲੀਗ੍ਰਾਫ' 'ਚ ਇਕ ਲੇਖ ਲਿਖਿਆ ਸੀ ਕਿ ਜੋ ਔਰਤਾਂ ਬੁਰਕਾ ਪਾਉਂਦੀਆਂ ਹਨ, ਉਹ ਕਿਸੇ 'ਲੈਟਰਬਾਕਸ' ਜਾਂ 'ਬੈਂਕ ਲੁੱਟਣ ਵਾਲਿਆਂ' ਵਾਂਗ ਦਿਖਾਈ ਦਿੰਦੀਆਂ ਹਨ। ਉਨ੍ਹਾਂ ਦੀ ਇਸ ਟਿੱਪਣੀ 'ਤੇ ਤਨਮਨਜੀਤ ਸਿੰਘ ਨੇ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਕਿਹਾ ਹੈ। 

ਤਨਮਨਜੀਤ ਸਿੰਘ ਢੇਸੀ 'ਹਾਊਸ ਆਫ ਕਾਮਨਜ਼' ਦੇ ਪਹਿਲੇ ਅਜਿਹੇ ਸੰਸਦ ਮੈਂਬਰ ਹਨ ਜੋ ਪੱਗ ਬੰਨ੍ਹਦੇ ਹਨ। ਸੰਸਦ 'ਚ ਪ੍ਰਧਾਨ ਮੰਤਰੀ ਨੂੰ ਸੰਬੋਧਤ ਕਰਦੇ ਹੋਏ ਤਨਮਨਜੀਤ ਸਿੰਘ ਨੇ ਕਿਹਾ ਕਿ ਸਾਡੇ 'ਚੋਂ ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਦੇ ਪਹਿਰਾਵੇ ਨੂੰ ਲੈ ਕੇ ਟਿੱਪਣੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੱਗ 'ਤੇ ਵੀ ਬਹੁਤ ਸਾਰੇ ਲੋਕ ਗਲਤ ਟਿੱਪਣੀਆਂ ਕਰਦੇ ਹਨ। ਢੇਸੀ ਨੇ ਕਿਹਾ ਕਿ ਅਸੀਂ ਉਨ੍ਹਾਂ ਮੁਸਲਿਮ ਔਰਤਾਂ ਦਾ ਦਰਦ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿਉਂਕਿ ਉਨ੍ਹਾਂ ਦੀ ਪੱਗ 'ਤੇ ਵੀ ਲੋਕਾਂ ਨੇ ਕਈ ਵਾਰ ਕੁਮੈਂਟ ਕੀਤੇ ਹਨ। 

ਹਾਲਾਂਕਿ ਆਪਣੀ ਸਫਾਈ 'ਚ ਪੀ. ਐੱਮ. ਜਾਨਸਨ ਨੇ ਕਿਹਾ ਕਿ ਉਨ੍ਹਾਂ ਦੇ ਲੇਖ ਨੂੰ ਦੋਬਾਰਾ ਪੜ੍ਹਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਕੈਬਨਿਟ 'ਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਢੇਸੀ ਦੇ ਇਸ ਬਿਆਨ ਮਗਰੋਂ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਸਿੱਖ ਹੋਣ ਦੇ ਨਾਤੇ ਕਿਸੇ ਹੋਰ ਧਰਮ ਦੇ ਹੱਕ ਲਈ ਵੀ ਆਵਾਜ਼ ਚੁੱਕੀ ਹੈ।