ਇਟਲੀ 'ਚ ਕਲੀਨਿਕ ਵੱਲੋਂ 'ਦਸਤਾਰ' ਨਾਲ ਕੀਤੇ ਖਿਲਵਾੜ ਕਾਰਨ ਸਿੱਖਾਂ 'ਚ ਰੋਸ, ਲਿਆ ਤੁਰੰਤ ਐਕਸ਼ਨ

03/04/2023 3:09:13 PM

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਇਕ ਵੈਟਰਨਰੀ ਕਲੀਨਿਕ ਵਾਲਿਆਂ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰ ਦੇਣ ਵਾਲੀ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ, ਜਿਸ ਨਾਲ ਸਮੁੱਚੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਵੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਇੱਥੋਂ ਦੇ ਇਕ ਵੈਟਰਨਰੀ ਕਲੀਨਿਕ ਵਾਲਿਆਂ ਨੇ ਆਪਣੇ ਕਲੀਨਿਕ ਦੇ ਪ੍ਰਚਾਰ ਲਈ ਜੋ ਪ੍ਰਚਾਰ ਸਮੱਗਰੀ ਤਿਆਰ ਕੀਤੀ ਹੈ, ਉਸ ਵਿਚ ਇਕ ਕੁੱਤੇ ਦੇ ਸਿਰ 'ਤੇ ਦਸਤਾਰ ਬੱਝੀ ਫੋਟੋ ਤਿਆਰ ਕਰਾਈ ਹੈ ਅਤੇ ਇਸ ਤਰ੍ਹਾਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਭੱਦੀ ਕੋਸ਼ਿਸ਼ ਕੀਤੀ ਹੈ। 

ਇਸ ਸ਼ਰਾਰਤੀ ਕਾਰਵਾਈ ਦਾ ਉਦੋਂ ਪਤਾ ਲੱਗਾ ਜਦੋਂ ਇਕ ਗੁਰਸਿੱਖ ਵਿਅਕਤੀ ਵੱਲੋਂ ਇਕ ਸਰਕਾਰੀ ਬੱਸ ਪਿੱਛੇ ਕੁੱਤੇ ਦੇ ਸਿਰ 'ਤੇ ਦਸਤਾਰ ਬੱਝੀ ਫੋਟੋ ਨੂੰ ਵੇਖਿਆ ਗਿਆ, ਜਿਸ ਤੇ “ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਨੇ ਤੁਰੰਤ ਇਸ਼ਤਿਹਾਰ ਜਾਰੀ ਕਰਨ ਵਾਲੇ ਕਲੀਨਿਕ ਵਾਲਿਆਂ ਨਾਲ ਗੱਲ-ਬਾਤ ਕਰਕੇ ਇਹਨਾਂ ਇਸ਼ਤਿਹਾਰਾਂ 'ਤੇ ਇਤਰਾਜ ਜਾਹਿਰ ਕਰਦਿਆਂ ਇਹਨਾਂ ਇਸ਼ਤਿਹਾਰਾਂ ਨੂੰ ਹਰ ਥਾਂ ਤੋਂ ਹਟਾਉਣ ਅਤੇ ਸਿੱਖ ਜਗਤ ਕੋਲ਼ੋਂ ਮਾਫ਼ੀ ਮੰਗਣ ਦੀ ਮੰਗ ਰੱਖੀ। ਇਸ ਦੇ ਜਵਾਬ ਵਿੱਚ ਕਲੀਨਿਕ ਦੇ ਇਕ ਅਧਿਕਾਰੀ ਨੇ ਦੇਰ ਰਾਤ ਵਿਸ਼ਵਾਸ ਦਵਾਇਆ ਕਿ ਉਹ ਇਸ ਸਮੱਗਰੀ ਨੂੰ ਸ਼ੋਸ਼ਲ ਮੀਡੀਏ ਅਤੇ ਆਪਣੀਆਂ ਲੀਗਲ ਸਾਈਡਾ ਤੋਂ ਤੁਰੰਤ ਹਟਾ ਦੇਣਗੇ ਤੇ ਜਿਹੜੀਆਂ ਫੋਟੋ ਸਰਕਾਰੀ ਬੱਸਾਂ ਜਾ ਹੋਰ ਥਾਂਵਾਂ ਤੇ ਲੱਗੀਆਂ ਹਨ ਉਹਨਾਂ ਬਾਰੇ ਪਤਾ ਕਰਕੇ SGPC ਇਟਲੀ ਨੂੰ ਸਾਰੀ ਰਿਪੋਰਟ ਵੀ ਭੇਜਣਗੇ। 

ਪੜ੍ਹੋ ਇਹ ਅਹਿਮ ਖ਼ਬਰ-‘ਅੱਤਵਾਦੀ’ ਕਹੇ ਜਾਣ ’ਤੇ 2 ਸਿੱਖ ਟਰੱਕ ਚਾਲਕਾਂ ਨੇ ਕੰਪਨੀ ਮਾਲਕ ਨੂੰ ਮਨੁੱਖੀ ਅਧਿਕਾਰ ਕਮਿਸ਼ਨ ’ਚ ਘਸੀਟਿਆ

ਉਧਰ SGPC ਇਟਲੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਨੇ ਕਲੀਨਿਕ 'ਤੇ ਪ੍ਰਚਾਰ ਕੰਪਨੀ ਵਾਲਿਆਂ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕੀਤੀ ਹੈ ਕਿ ਜਲਦ ਤੋਂ ਜਲਦ ਕਾਰਵਾਈ ਕਰਕੇ ਸਾਰੇ ਇਸ਼ਤਿਹਾਰ ਜਿੱਥੇ-ਜਿੱਥੇ ਵੀ ਲੱਗੇ ਹਨ ਉਤਾਰੇ ਜਾਣ। ਜੇ ਅਜਿਹਾ ਨਹੀਂ ਹੁੰਦਾ ਤਾਂ ਕੰਪਨੀ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਇਸ ਕੰਪਨੀ ਨੇ ਇਸ ਤਰ੍ਹਾਂ ਦੇ ਇਤਰਾਜ਼ ਯੋਗ ਇਸ਼ਤਿਹਾਰ ਛਪਾਕੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ, ਉੱਥੇ ਜਿਸ ਕੁੱਤੇ ਵਾਲੀ ਫੋਟੋ 'ਤੇ ਦਸਤਾਰ ਨੂੰ ਵਿਖਾਇਆ ਹੈ ਬਿਲਕੁਲ ਉਸੇ ਫੋਟੋ 'ਤੇ ਇਸ ਜਾਨਵਰ ਦੇ ਮੱਥੇ 'ਤੇ ਲਾਲ ਰੰਗ ਨਾਲ ਇਕ ਤਿਲਕ ਲੱਗਾ ਹੋਇਆ ਵੀ ਛਾਪਿਆ ਗਿਆ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News