ਰੂਸ ਵੱਲੋਂ ਪੱਛਮੀ ਯੂਕ੍ਰੇਨ 'ਤੇ ਹਮਲੇ ਤੇਜ਼, ਜੇਲੇਂਸਕੀ ਦੀ ਚਿਤਾਵਨੀ-ਨਾਟੋ ਤੱਕ ਪਹੁੰਚ ਸਕਦੀਆਂ ਨੇ ਰੂਸੀ ਮਿਜ਼ਾਈਲਾਂ

03/14/2022 1:12:36 PM

ਲਵੀਵ (ਏਜੰਸੀ): ਯੁੱਧ ਪ੍ਰਭਾਵਿਤ ਯੂਕ੍ਰੇਨ ਨੇ ਸੋਮਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਰੂਸ ਨਾਲ ਨਵੀਂ ਕੂਟਨੀਤਕ ਵਾਰਤਾ ਹੋਰ ਨਾਗਰਿਕਾਂ ਨੂੰ ਕੱਢਣ ਦਾ ਰਾਹ ਖੋਲ੍ਹ ਸਕਦੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਮਾਸਕੋ ਨੇ ਪੋਲੈਂਡ ਦੀ ਸਰਹੱਦ ਨੇੜਲੇ ਖੇਤਰਾਂ ਵਿੱਚ ਗੋਲਾਬਾਰੀ ਤੇਜ਼ ਕਰ ਦਿੱਤੀ ਸੀ। ਯੂਕ੍ਰੇਨ ਦੇ ਨੇਤਾ ਨੇ ਚੇਤਾਵਨੀ ਦਿੱਤੀ ਕਿ ਹਮਲੇ ਗੁਆਂਢੀ ਦੇਸ਼ਾਂ ਤੱਕ ਵਧ ਸਕਦੇ ਹਨ। ਰੂਸੀ ਮਿਜ਼ਾਈਲਾਂ ਨੇ ਐਤਵਾਰ ਨੂੰ ਪੱਛਮੀ ਯੂਕ੍ਰੇਨ ਵਿਚ ਇਕ ਫ਼ੌਜੀ ਅੱਡੇ 'ਤੇ ਹਮਲਾ ਕੀਤਾ, ਜਿਸ ਵਿਚ 35 ਲੋਕਾਂ ਦੀ ਮੌਤ ਹੋ ਗਈ। ਇਹ ਫ਼ੌਜੀ ਅੱਡਾ ਯੂਕ੍ਰੇਨ ਅਤੇ ਨਾਟੋ ਦੇਸ਼ਾਂ ਵਿਚਾਲੇ ਸਹਿਯੋਗ ਦਾ ਮਹੱਤਵਪੂਰਨ ਕੇਂਦਰ ਸੀ। ਇਸ ਨਾਲ ਇਹ ਖਦਸ਼ਾ ਪੈਦਾ ਹੋ ਗਿਆ ਹੈ ਕਿ ਨਾਟੋ ਦੇਸ਼ ਲੜਾਈ ਵਿਚ ਸ਼ਾਮਲ ਹੋ ਸਕਦੇ ਹਨ ਅਤੇ ਮੌਜੂਦਾ ਗਲੋਬਲ ਸੁਰੱਖਿਆ ਵਿਵਸਥਾ ਨੂੰ ਖਤਰਾ ਪੈਦਾ ਹੋ ਗਿਆ ਹੈ। 

ਇਸ ਹਮਲੇ ਨੇ ਪੁਰਾਣੀ ਸ਼ੀਤ ਯੁੱਧ-ਯੁੱਗ ਦੀ ਦੁਸ਼ਮਣੀ ਨੂੰ ਮੁੜ ਸੁਰਜੀਤ ਕੀਤਾ ਹੈ ਅਤੇ ਮੌਜੂਦਾ ਵਿਸ਼ਵ ਸੁਰੱਖਿਆ ਪ੍ਰਣਾਲੀ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਨੂੰ ਇੱਕ "ਕਾਲਾ ਦਿਨ" ਕਿਹਾ ਅਤੇ ਨਾਟੋ ਦੇ ਨੇਤਾਵਾਂ ਨੂੰ ਦੇਸ਼ ਵਿੱਚ "ਨੋ-ਫਲਾਈ" ਜ਼ੋਨ ਘੋਸ਼ਿਤ ਕਰਨ ਦੀ ਅਪੀਲ ਕੀਤੀ। ਇਸ ਬੇਨਤੀ 'ਤੇ ਪੱਛਮੀ ਦੇਸ਼ਾਂ ਦਾ ਕਹਿਣਾ ਹੈ ਕਿ ਇਸ ਨਾਲ ਜੰਗ 'ਚ ਪਰਮਾਣੂ ਸੰਘਰਸ਼ ਦਾ ਖਤਰਾ ਪੈਦਾ ਹੋ ਸਕਦਾ ਹੈ। ਜੇਲੇਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧੀ ਮੁਲਾਕਾਤ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਸਾਡੇ ਹਵਾਈ ਖੇਤਰ ਨੂੰ ਬੰਦ ਨਹੀਂ ਕਰਦੇ ਤਾਂ ਇਹ ਕੁਝ ਹੀ ਸਮੇਂ ਦੀ ਗੱਲ ਹੈ ਕਿ ਰੂਸੀ ਮਿਜ਼ਾਈਲਾਂ ਤੁਹਾਡੇ ਖੇਤਰ 'ਤੇ ਡਿੱਗਣੀਆਂ। ਨਾਟੋ ਦੇਸ਼ਾਂ ਦੇ ਨਾਗਰਿਕਾਂ ਦੇ ਘਰਾਂ 'ਤੇ ਡਿੱਗਣੀਆਂ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦਾ ਵੱਡਾ ਕਦਮ, 33 ਰੂਸੀ ਕਾਰੋਬਾਰੀਆਂ 'ਤੇ ਲਗਾਈਆਂ ਪਾਬੰਦੀਆਂ

ਹਾਲਾਂਕਿ ਕ੍ਰੇਮਲਿਨ ਨੇ ਅਜੇ ਤੱਕ ਜ਼ੇਲੇਂਸਕੀ ਦੀ ਮੁਲਾਕਾਤ ਦੀ ਪੇਸ਼ਕਸ਼ ਦਾ ਜਵਾਬ ਨਹੀਂ ਦਿੱਤਾ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਟਾਸ ਦੇ ਮੁਤਾਬਕ ਡਿਪਲੋਮੈਟ ਸੋਮਵਾਰ ਨੂੰ ਗੱਲਬਾਤ ਸ਼ੁਰੂ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੂੰ ਰੋਮ ਭੇਜ ਰਹੇ ਹਨ ਤਾਂ ਜੋ ਉਨ੍ਹਾਂ ਚਿੰਤਾਵਾਂ ਨੂੰ ਲੈ ਕੇ ਚੀਨੀ ਅਧਿਕਾਰੀ ਨਾਲ ਮੁਲਾਕਾਤ ਕੀਤੀ ਜਾ ਸਕੇ ਕਿ ਬੀਜਿੰਗ ਰੂਸ ਦੀ ਗਲਤ ਜਾਣਕਾਰੀ ਫੈਲਾ ਰਿਹਾ ਹੈ ਅਤੇ ਪੱਛਮੀ ਆਰਥਿਕ ਪਾਬੰਦੀਆਂ ਤੋਂ ਬਚਣ ਲਈ ਮਾਸਕੋ ਦੀ ਮਦਦ ਕਰ ਸਕਦਾ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਯੁੱਧ ਵਿਚ ਘੱਟੋ-ਘੱਟ 596 ਨਾਗਰਿਕ ਮਾਰੇ ਗਏ ਹਨ। ਹਾਲਾਂਕਿ ਇਹ ਮੰਨਦਾ ਹੈ ਕਿ ਅਸਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਯੂਕ੍ਰੇਨ ਦੇ ਪ੍ਰੌਸੀਕਿਊਟਰ ਜਨਰਲ ਦੇ ਦਫਤਰ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਘੱਟੋ-ਘੱਟ 85 ਬੱਚੇ ਸਨ।
ਸੋਮਵਾਰ ਨੂੰ ਸੁਮੀ ਤੋਂ ਕਿਸੇ ਵੀ ਨਾਗਰਿਕ ਨੂੰ ਨਹੀਂ ਕੱਢਿਆ ਜਾਵੇਗਾ

ਯੂਕ੍ਰੇਨ ਦੇ ਉੱਤਰ ਪੱਛਮੀ ਸ਼ਹਿਰ ਸੁਮੀ ਦੀ ਖੇਤਰੀ ਸਰਕਾਰ ਦੇ ਮੁਖੀ ਨੇ ਕਿਹਾ ਕਿ ਸੋਮਵਾਰ ਨੂੰ ਸ਼ਹਿਰ ਤੋਂ ਕਿਸੇ ਵੀ ਨਾਗਰਿਕ ਨੂੰ ਨਹੀਂ ਕੱਢਿਆ ਜਾਵੇਗਾ। ਟੈਲੀਗ੍ਰਾਮ ਚੈਨਲ 'ਤੇ ਸੁਮੀ ਦੇ ਗਵਰਨਰ ਦਮਿਤਰੀ ਜ਼ਵੇਤਸਕੀ ਨੇ ਲੋਕਾਂ ਨੂੰ ਕੱਢਣ ਲਈ ਰੂਸ ਦੁਆਰਾ ਬਣਾਏ ਗਏ ਮਾਨਵਤਾਵਾਦੀ ਗਲਿਆਰੇ ਬਾਰੇ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਤਰੀਕੇ ਨਾਲ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਅਜੇ ਤੱਕ ਕੋਈ ਸਹਿਮਤੀ ਨਹੀਂ ਹੈ, ਗੱਲਬਾਤ" ਅਜੇ ਵੀ ਜਾਰੀ ਹੈ, ਇਸ ਲਈ ਕੋਈ ਨਾਗਰਿਕ ਨਹੀਂ ਅੱਜ ਕੱਢਿਆ ਜਾਵੇਗਾ। ਪਿਛਲੇ ਹਫ਼ਤੇ ਪੋਲਟਾਵਾ ਵੱਲ ਜਾਣ ਵਾਲੀ ਸੜਕ ਦੇ ਨਾਲ ਬਣੇ ਇੱਕ ਸੁਰੱਖਿਅਤ ਮਾਨਵਤਾਵਾਦੀ ਗਲਿਆਰੇ ਦੀ ਮਦਦ ਨਾਲ ਤਕਰੀਬਨ ਪੰਜ ਹਜ਼ਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ, ਜਿਨ੍ਹਾਂ ਵਿੱਚ 1700 ਵਿਦੇਸ਼ੀ ਵਿਦਿਆਰਥੀ ਵੀ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੀ ਸਨ। ਦੂਜੇ ਪਾਸੇ ਬੀਬੀਸੀ ਮੁਤਾਬਕ ਯੂਕ੍ਰੇਨ ਦੇ ਅਧਿਕਾਰੀ ਰੂਸੀ ਫ਼ੌਜ 'ਤੇ ਇਲਜ਼ਾਮ ਲਗਾ ਰਹੇ ਹਨ ਕਿ ਉਹ ਬਾਹਰ ਕੱਢੇ ਜਾ ਰਹੇ ਲੋਕਾਂ ਨੂੰ ਗੋਲੀਬਾਰੀ ਕਰਕੇ ਰਸਤਾ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana