ਜੀ7 ਦੇਸ਼ਾਂ ਦੀ ਹੰਗਾਮੀ ਬੈਠਕ ਤੋਂ ਪਹਿਲਾਂ ਤਾਲਿਬਾਨ ਬਾਰੇ ਬੋਰਿਸ ਜਾਨਸਨ ਦੇ ਸਖ਼ਤ ਬੋਲ

08/24/2021 2:10:17 PM

ਲੰਡਨ (ਭਾਸ਼ਾ) : ਅਫ਼ਗਾਨਿਸਤਾਨ ਸੰਕਟ ’ਤੇ ਵਿਚਾਰ ਵਟਾਂਦਰੇ ਲਈ ਜੀ7 ਦੇਸ਼ਾਂ ਦੀ ਐਮਰਜੈਂਸੀ ਬੈਠਕ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਤਾਲਿਬਾਨ ਨੂੰ ਉਸ ਦੇ ਸ਼ਬਦਾਂ ਨਾਲ ਨਹੀਂ ਸਗੋਂ ਉਸ ਦੇ ਕਰਮਾਂ ਨਾਲ ਜਾਂਚਿਆ ਜਾਵੇਗਾ। ਆਨਲਾਈਨ ਆਯੋਜਿਤ ਕੀਤੀ ਜਾ ਰਹੀ ਬੈਠਕ ਦੀ ਪ੍ਰਧਾਨਗੀ ਬ੍ਰਿਟੇਨ ਕਰ ਰਿਹਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ‘ਡਾਊਨਿੰਗ ਸਟਰੀਟ’ ਨੇ ਕਿਹਾ ਕਿ ਮੰਗਲਵਾਰ ਨੂੰ ਇਸ ਬੈਠਕ ਵਿਚ ਜਾਨਸਨ ਜੀ7 ਦੇਸ਼ਾਂ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਦੇ ਨੇਤਾਵਾਂ ਨੂੰ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਖੜ੍ਹੇ ਰਹਿਣ ਅਤੇ ਸ਼ਰਨਾਰਥੀਆਂ ਲਈ ਸਹਿਯੋਗ ਅਤੇ ਮਨੁੱਖੀ ਮਦਦ ਜਾਰੀ ਰੱਖਣ ਦੀ ਮੰਗ ਕਰਨਗੇ।

ਇਹ ਵੀ ਪੜ੍ਹੋ: ਤਾਲਿਬਾਲ ਨੇ ਦਿੱਤੀ ਅਮਰੀਕਾ ਨੂੰ ਧਮਕੀ, ਕਿਹਾ- ਅਫ਼ਗਾਨਿਸਤਾਨ ਨਾ ਛੱਡਿਆ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ

ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਖੇਤਰ ਵਿਚ ਸਥਿਰਤਾ ਲਈ ਅੰਤਰਰਾਸ਼ਟਰੀ ਸਹਿਯੋਗੀਆਂ ਤੋਂ ਮਦਦ ਅਤੇ ਜ਼ਰੂਰਤਮੰਦਾਂ ਦੇ ਮੁੜ ਵਸੇਬੇ ’ਤੇ ਬ੍ਰਿਟੇਨ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਦੀ ਅਪੀਲ ਕਰਨਗੇ। ਜਾਨਸਨ ਨੇ ਕਿਹਾ, ‘ਸਾਡੀ ਪਹਿਲੀ ਤਰਜੀਹ ਸਾਡੇ ਨਾਗਰਿਕਾਂ ਅਤੇ ਪਿਛਲੇ 20 ਸਾਲਾਂ ਤੋਂ ਸਾਨੂੰ ਸਹਿਯੋਗ ਕਰਨ ਵਾਲਿਆਂ ਨੂੰ ਸੁਰੱਖਿਅਤ ਕੱਢਣ ਦੀ ਮੁਹਿੰਮ ਨੂੰ ਪੂਰਾ ਕਰਨਾ ਹੈ ਪਰ ਜਦੋਂ ਅਸੀਂ ਇਸ ਦੇ ਬਾਅਦ ਦੇ ਪੜਾਅ ਵੱਲ ਵੇਖਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਦੇ ਤੌਰ ’ਤੇ ਨਾਲ ਆਈਏ ਅਤੇ ਲੰਬੇ ਸਮੇਂ ਦੀ ਸੰਯੁਕਤ ਪ੍ਰਕਿਰਿਆ ਲਈ ਸਹਿਮਤ ਹੋਈਏ।’

ਇਹ ਵੀ ਪੜ੍ਹੋ: 20 ਵਰ੍ਹਿਆਂ ਦੀ ਲੜਾਈ ’ਚ ਤਾਲਿਬਾਨ ਨੂੰ ਡਰੱਗਸ, ਲੁੱਟ-ਖੋਹ ਅਤੇ ਖਾੜੀ ਦੇਸ਼ਾਂ ਨੇ ਬਣਾਇਆ ਤਾਕਤਵਰ

ਉਨ੍ਹਾਂ ਕਿਹਾ, ‘ਇਸ ਲਈ ਅਸੀਂ ਜੀ7 ਦੀ ਐਮਰਜੈਂਸੀ ਬੈਠਕ ਸੱਦੀ ਹੈ। ਅਸੀਂ ਆਪਣੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ 2 ਦਹਾਕਿਆਂ ਵਿਚ ਕੀਤੀ ਗਈ ਪ੍ਰਗਤੀ ਨੂੰ ਬਣਾਈ ਰੱਖਣ ਲਈ ਸਾਰੇ ਮਨੁੱਖੀ ਅਤੇ ਰਾਜਨੀਤਕ ਸਾਧਨਾਂ ਦੀ ਵਰਤੋਂ ਕਰਨਾ ਜਾਰੀ ਰੱਖਾਂਗੇ। ਤਾਲਿਬਾਨ ਨੂੰ ਉਸ ਦੀਆਂ ਗੱਲਾਂ ਦੀ ਬਜਾਏ ਕਰਮਾਂ ਨਾਲ ਜਾਂਚਿਆ ਜਾਵੇਗਾ।’ ਇਹ ਬੈਠਕ ਵੀਡੀਓ ਕਾਨਫਰੰਸ ਜ਼ਰੀਏ ਕੀਤੀ ਜਾਏਗੀ ਅਤੇ ਉਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਵੀ ਬੈਠਕ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News