ਪਾਕਿਸਤਾਨ ''ਚ ਤਾਲਿਬਾਨੀ ਅੱਤਵਾਦੀਆਂ ਨੇ ਪੁਲਸ ਮੁਲਾਜ਼ਮਾਂ ਨੂੰ ਬਣਾਇਆ ਬੰਧਕ, ਦੋ ਪੁਲਸ ਮੁਲਾਜ਼ਮਾਂ ਦੀ ਮੌਤ

12/19/2022 5:15:17 PM

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲੇ 'ਚ ਪਾਕਿਸਤਾਨੀ ਤਾਲਿਬਾਨ ਅੱਤਵਾਦੀਆਂ ਨੇ ਇਕ ਅੱਤਵਾਦ ਵਿਰੋਧੀ ਕੇਂਦਰ 'ਤੇ ਕਬਜ਼ਾ ਕਰ ਲਿਆ ਅਤੇ ਕੁਝ ਲੋਕਾਂ ਨੂੰ ਬੰਧਕ ਬਣਾ ਲਿਆ। ਇਸ ਦੌਰਾਨ ਘੱਟੋ-ਘੱਟ ਦੋ ਪੁਲਸ ਮੁਲਾਜ਼ਮ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀ.ਟੀ.ਡੀ.) ਨੇ ਕੁਝ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਪੁਲਸ ਸਟੇਸ਼ਨ 'ਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਇਨ੍ਹਾਂ 'ਚੋਂ ਇਕ ਅੱਤਵਾਦੀ ਨੇ ਐਤਵਾਰ ਨੂੰ ਪੁਲਸ ਕਰਮਚਾਰੀ ਤੋਂ ਏ.ਕੇ.-47 ਖੋਹ ਲਈ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫਿਰ ਉਸ ਨੇ ਕੰਪਲੈਕਸ 'ਤੇ ਕਬਜ਼ਾ ਕਰਨ ਵਾਲੇ ਹੋਰ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ। 

ਉਨ੍ਹਾਂ ਨੇ ਕਈ ਪੁਲਸ ਵਾਲਿਆਂ ਨੂੰ ਵੀ ਬੰਧਕ ਬਣਾ ਲਿਆ। ਇਸ ਕੇਂਦਰ ਵਿੱਚ ਫੌਜੀ ਕਾਰਵਾਈ ਚੱਲ ਰਹੀ ਹੈ ਅਤੇ ਘਟਨਾ ਦੇ 17 ਘੰਟੇ ਬਾਅਦ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ 'ਚ ਦੋ ਪੁਲਸ ਮੁਲਾਜ਼ਮ ਮਾਰੇ ਗਏ। ਸਾਬਕਾ ਸੂਬਾਈ ਮੁੱਖ ਮੰਤਰੀ ਅਕਰਮ ਖਾਨ ਦੁਰਾਨੀ ਅਤੇ ਮੌਜੂਦਾ ਸੂਬਾਈ ਮੰਤਰੀ ਮਲਿਕ ਸ਼ਾਹ ਮੁਹੰਮਦ ਅੱਤਵਾਦੀਆਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਬੰਨੂ ਪਹੁੰਚ ਗਏ ਹਨ। ਦੁਰਾਨੀ ਅਤੇ ਮੁਹੰਮਦ ਦੋਵੇਂ ਬੰਨੂ ਦੇ ਰਹਿਣ ਵਾਲੇ ਹਨ। ਬੰਧਕਾਂ ਦੀ ਰਿਹਾਈ ਦੇ ਬਦਲੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਤੋਂ ਉਨ੍ਹਾਂ ਨੂੰ ਸੁਰੱਖਿਅਤ ਅਫਗਾਨਿਸਤਾਨ ਲਿਜਾਣ ਲਈ ਹੈਲੀਕਾਪਟਰ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਦੋ ਬੱਸਾਂ ਦੀ ਜ਼ਬਰਦਸਤ ਟੱਕਰ, 8 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਬੰਨੂ ਦੇ ਜ਼ਿਲ੍ਹਾ ਪੁਲਸ ਅਧਿਕਾਰੀ (ਡੀਪੀਓ) ਮੁਹੰਮਦ ਇਕਬਾਲ ਨੇ ਕਿਹਾ ਕਿ ਬਾਹਰੋਂ ਕੋਈ ਹਮਲਾ ਨਹੀਂ ਹੋਇਆ ਅਤੇ ਪੁੱਛਗਿੱਛ ਦੌਰਾਨ ਇੱਕ ਅੱਤਵਾਦੀ ਨੇ ਪੁਲਸ ਤੋਂ ਰਾਈਫਲ ਖੋਹ ਲਈ ਅਤੇ ਇਮਾਰਤ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ''ਅੱਤਵਾਦੀਆਂ ਨੇ ਇਮਾਰਤ 'ਤੇ ਕਬਜ਼ਾ ਕਰ ਲਿਆ ਹੈ ਅਤੇ ਅਸੀਂ ਪੂਰੇ ਬੰਨੂ ਛਾਉਣੀ ਖੇਤਰ ਨੂੰ ਘੇਰ ਲਿਆ ਹੈ।'' ਬੰਨੂ ਛਾਉਣੀ 'ਚ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 

ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦੇ ਕਈ ਮੈਂਬਰ ਬੰਨੂ ਸੀਟੀਡੀ ਦੇ ਜਵਾਨਾਂ ਨੂੰ ਬੰਧਕ ਬਣਾਉਣ ਵਾਲਿਆਂ ਵਿੱਚ ਸ਼ਾਮਲ ਸਨ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕੈਦੀਆਂ ਨੂੰ ਦੱਖਣੀ ਜਾਂ ਉੱਤਰੀ ਵਜ਼ੀਰਿਸਤਾਨ ਲਿਜਾਇਆ ਜਾਵੇ, ਜਿੱਥੇ ਟੀਟੀਪੀ ਦੇ ਅੱਡੇ ਹਨ, ਨਹੀਂ ਤਾਂ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰੀ ਫ਼ੌਜ ਦੀ ਹੋਵੇਗੀ। ਇਸ ਤੋਂ ਪਹਿਲਾਂ ਸੀਟੀਡੀ ਕੰਪਲੈਕਸ ਦੇ ਅੰਦਰ ਟੀਟੀਪੀ ਦੇ ਅੱਤਵਾਦੀਆਂ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨੌਂ ਪੁਲਿਸ ਕਰਮਚਾਰੀ ਉਨ੍ਹਾਂ ਦੀ ਹਿਰਾਸਤ ਵਿੱਚ ਹਨ ਅਤੇ ਮੰਗ ਕੀਤੀ ਹੈ ਕਿ ਬੰਧਕਾਂ ਦੀ ਰਿਹਾਈ ਦੇ ਬਦਲੇ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਅਫਗਾਨਿਸਤਾਨ ਭੇਜਿਆ ਜਾਵੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana