ਸ਼ਾਂਤੀ ਗੱਲਬਾਤ ਰੁਕਣ ''ਤੇ ਅਫਗਾਨਿਸਤਾਨ ਵਿਚ ਤਾਲਿਬਾਨ ਨੇ ਤੇਜ਼ ਕੀਤੇ ਹਮਲੇ

12/15/2019 6:27:31 PM

ਕਾਬੁਲ- ਅਮਰੀਕਾ ਦੇ ਨਾਲ ਚੱਲ ਰਹੀ ਸ਼ਾਂਤੀ ਗੱਲਬਾਤ ਦੇ ਰੁਕਣ ਦੇ ਨਾਲ ਹੀ ਅੱਤਵਦੀ ਸੰਗਠਨ ਤਾਲਿਬਾਨ ਨੇ ਅਫਗਾਨਿਸਤਾਨ ਵਿਚ ਹਮਲੇ ਤੇਜ਼ ਕਰ ਦਿੱਤੇ ਹਨ। ਬੀਤੇ ਸ਼ੁੱਕਰਵਾਰ ਤੋਂ ਦੇਸ਼ ਦੇ ਕਈ ਹਿੱਸਿਆਂ ਵਿਚ ਅੱਤਵਾਦੀ ਵਾਰਦਾਤਾਂ ਵਿਚ 60 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਗਜ਼ਨੀ ਸੂਬੇ ਵਿਚ ਸ਼ਨੀਵਾਰ ਨੂੰ ਕੀਤੇ ਗਏ ਇਕ ਹਮਲੇ ਵਿਚ 23 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਤਾਲਿਬਾਨੀ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲੈਂਦੇ ਹੋਏ ਦਾਅਵਾ ਕੀਤਾ ਕਿ ਗਜ਼ਨੀ ਵਿਚ ਹੋਏ ਹਮਲੇ ਵਿਚ 32 ਫੌਜੀ ਮਾਰੇ ਗਏ ਸਨ।

ਦੋ ਵਾਰ ਰੱਦ ਹੋ ਚੁੱਕੀ ਹੈ ਗੱਲਬਾਤ
ਜੰਗ ਨਾਲ ਤਬਾਹ ਅਫਗਾਨਿਸਤਾਨ ਵਿਚ ਸਥਾਈ ਸ਼ਾਂਤੀ ਦੀ ਤਲਾਸ਼ ਵਿਚ ਪਿਛਲੇ ਸਾਲ ਅਕਤੂਬਰ ਮਹੀਨੇ ਕਤਰ ਦੀ ਰਾਜਧਾਨੀ ਵਿਚ ਅਮਰੀਕਾ ਦੇ ਪ੍ਰਤੀਨਿਧੀਆਂ ਤੇ ਤਾਲਿਬਾਨ ਦੇ ਵਿਚਾਲੇ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਸੀ। ਪਰ ਪਿਛਲੇ ਸਤੰਬਰ ਵਿਚ ਤਾਲਿਬਾਨ ਦੇ ਹਮਲੇ ਵਿਚ ਅਮਰੀਕੀ ਫੌਜੀਆਂ ਦੀ ਮੌਤ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੱਲਬਾਤ ਰੱਦ ਕਰ ਦਿੱਤੀ ਸੀ।

ਬੀਤੀ 7 ਸਤੰਬਰ ਨੂੰ ਇਹ ਗੱਲਬਾਤ ਦੁਬਾਰਾ ਸ਼ੁਰੂ ਹੋਈ ਸੀ। ਪਰ ਚਾਰ ਦਿਨ ਬਾਅਦ ਹੀ ਅਫਗਾਨਿਸਤਾਨ ਦੇ ਬਗਰਾਮ ਸਿਥਤ ਅਮਰੀਕੀ ਫੌਜੀ ਟਿਕਾਣੇ ਦੇ ਨੇੜੇ ਅੱਤਵਾਦੀ ਹਮਲੇ ਨੂੰ ਲੈ ਕੇ ਅਮਰੀਕਾ ਨੇ ਗੱਲਬਾਤ ਟਾਲ ਦਿੱਤੀ। ਤਾਲਿਬਾਨ ਨੂੰ ਇੰਨਾ ਵਿਸ਼ਵਾਸ ਸੀ ਕਿ ਕ੍ਰਿਸਮਸ ਜਾਂ ਨਵੇਂ ਸਾਲ ਦੀ ਸ਼ੁਰੂਆਤ ਤੱਕ ਅਮਰੀਕਾ ਇਸ ਕਰਾਰ ਦੇ ਹੋਣ ਦਾ ਐਲਾਨ ਵੀ ਕਰ ਦੇਵੇਗਾ। ਇਸ ਵਾਰ ਸ਼ਾਂਤੀ ਗੱਲਬਾਤ ਵਿਚ ਅਮਰੀਕੀ ਪੱਖ ਦੀ ਅਗਵਾਈ ਉਸ ਦੇ ਵਿਸ਼ੇਸ਼ ਦੂਤ ਜਾਲਮੇ ਖਲੀਲਜਾਦ ਕਰ ਰਹੇ ਸਨ ਜਦਕਿ ਤਾਲਿਬਾਨ ਪੱਖ ਦੀ ਅਗਵਾਈ ਮੁੱਲਾ ਅਬਦੁੱਲ ਗਨੀ ਬਿਰਾਦਰ ਦੇ ਕੋਲ ਸੀ। ਤਾਲਿਬਾਨ ਨੂੰ ਲੱਗ ਰਿਹਾ ਸੀ ਕਿ ਅਮਰੀਕਾ ਇਸ ਵਾਰ ਸ਼ਾਂਤੀ ਗੱਲਬਾਤ ਨੂੰ ਲੈ ਕੇ ਗੰਭੀਰ ਹੈ।

ਗੱਲਬਾਤ ਦੌਰਾਨ ਤਾਲਿਬਾਨ ਵਲੋਂ ਅਮਰੀਕਾ ਨੂੰ ਦੋ ਵਿਕਲਪ ਵੀ ਦਿੱਤੇ ਗਏ ਸਨ। ਤਾਲਿਬਾਨੀ ਨੇਤਾ ਇਹ ਕਹਿ ਰਹੇ ਸਨ ਕਿ ਜੇਕਰ ਅਮਰੀਕਾ ਉਹਨਾਂ ਦੇ ਖਿਲਾਫ ਮੁਹਿੰਮ ਰੋਕ ਦੇਣ ਤਾਂ ਉਹ ਪੂਰੀ ਤਰਾਂ ਜੰਗ ਬੰਦ ਕਰਨ ਲਈ ਤਿਆਰ ਹਨ। ਦੂਜਾ ਵਿਕਲਪ ਹੈ ਕਿ ਅਮਰੀਕਾ ਅਫਗਾਨਿਸਤਾਨ ਵਿਚ ਜਿਹਨਾਂ ਥਾਵਾਂ ਤੋਂ ਆਪਣੀ ਫੌਜ ਹਟਾ ਲਵੇਗਾ ਉਥੇ ਹਮਲੇ ਨਹੀਂ ਕੀਤੇ ਜਾਣਗੇ।

Baljit Singh

This news is Content Editor Baljit Singh