ਟਰੰਪ ਵਲੋਂ ਵਾਰਤਾ ਰੱਦ ਹੋਣ ''ਤੇ ਰੂਸ ਪੁੱਜਾ ਤਾਲਿਬਾਨ ਦਾ ਵਫਦ

09/14/2019 3:01:20 PM

ਮਾਸਕੋ— ਤਾਲਿਬਾਨ ਦਾ ਇਕ ਵਫਦ ਇਸ ਸਮੇਂ ਰੂਸ ਪੁੱਜ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਫਗਾਨਿਸਤਾਨ 'ਚ ਅੱਤਵਾਦੀ ਸਮੂਹ ਨਾਲ ਸ਼ਾਂਤੀ ਵਾਰਤਾ ਨੂੰ ਰੱਦ ਕਰਨ ਦੀ ਘੋਸ਼ਣਾ ਦੇ ਕੁੱਝ ਦਿਨਾਂ ਬਾਅਦ ਹੀ ਤਾਲਿਬਾਨ ਦਾ ਵਫਦ ਰੂਸ ਪੁੱਜਾ ਹੈ। ਰੂਸ ਦੀ ਸਰਕਾਰੀ ਏਜੰਸੀ ਨੇ ਤਾਲਿਬਾਨ ਦੇ ਕਤਰ ਸਥਿਤ ਬੁਲਾਰਾ ਸੁਹੈਲ ਸ਼ਾਹੀਨ ਦੇ ਹਵਾਲੇ ਤੋਂ ਕਿਹਾ ਕਿ ਵਫਦ ਨੇ ਅਫਗਾਨਿਸਤਾਨ ਨੂੰ ਲੈ ਕੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦੂਤ ਜ਼ਮੀਰ ਕਾਬੂਲੋਵ ਨਾਲ ਚਰਚਾ ਕੀਤੀ।

ਤਾਲਿਬਾਨ ਦੇ ਇਕ ਅਧਿਕਾਰੀ ਨੇ ਇਸ ਯਾਤਰਾ ਦੀ ਪੁਸ਼ਟੀ ਕੀਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਰੂਸ ਇਸ ਬੈਠਕ ਨੂੰ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਗੱਲਬਾਤ ਜਾਰੀ ਰੱਖਣ ਲਈ ਤਿਆਰ ਹੋਣ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਨਾਲ ਗੱਲਬਾਤ ਦੀ ਕੋਸ਼ਿਸ਼ ਅਸਫਲ ਹੋਣ ਦੇ ਬਾਅਦ ਤਾਲਿਬਾਨ ਦੀ ਇਹ ਪਹਿਲੀ ਕੌਮਾਂਤਰੀ ਯਾਤਰਾ ਹੈ। ਵਫਦ ਦੀ ਅਗਵਾਈ ਮੁੱਲਾ ਸ਼ੇਰ ਮੁਹੰਮਦ ਸਟਾਨੀਕਜਈ ਕਰ ਰਿਹਾ ਹੈ। ਸ਼ਾਹੀਨ ਨੇ ਮੰਗਲਵਾਰ ਨੂੰ ਤਾਲਿਬਾਨ ਦੀ ਅਧਿਕਾਰਕ ਵੈੱਬਸਾਈਟ 'ਤੇ ਕਿਹਾ ਸੀ ਕਿ ਸਮੂਹ ਹੁਣ ਵੀ ਅਮਰੀਕੀ ਵਾਰਤਾ ਕਰਨ ਲਈ ਤਿਆਰ ਹੈ ਤਾਂ ਕਿ ਘੱਟ ਤੋਂ ਘੱਟ ਇਹ ਤਾਂ ਪਤਾ ਲੱਗ ਸਕੇ ਕਿ ਅੱਗੇ ਕੀ ਕਰਨਾ ਹੈ।