ਤਾਲਿਬਾਨ ਨੇ ਕੀਤਾ ਅਮਰੀਕਾ ਨੂੰ ਹਰਾਉਣ ਦਾ ਐਲਾਨ, ਅਫਗਾਨਿਸਤਾਨ ਦਾ ਆਜ਼ਾਦੀ ਦਿਹਾੜਾ ਮਨਾਇਆ

08/19/2021 5:14:08 PM

ਇੰਟਰਨੈਸ਼ਨਲ ਡੈਸਕ : ਤਾਲਿਬਾਨ ਨੇ ‘ਦੁਨੀਆ ਦੀ ਹੰਕਾਰੀ ਸ਼ਕਤੀ’ਅਮਰੀਕਾ ਦੀ ਹਾਰ ਦਾ ਐਲਾਨ ਕਰਦਿਆਂ ਵੀਰਵਾਰ ਅਫਗਾਨਿਸਤਾਨ ਦਾ 102ਵਾਂ ਆਜ਼ਾਦੀ ਦਿਹਾੜਾ ਮਨਾਇਆ। ਇਹ ਦਿਨ 1919 ਦੀ ਸੰਧੀ ਦੀ ਯਾਦ ’ਚ ਮਨਾਇਆ ਜਾਂਦਾ ਹੈ, ਜਿਸ ਨੇ ਮੱਧ ਏਸ਼ੀਆਈ ਦੇਸ਼ ’ਚ ਬ੍ਰਿਟਿਸ਼ ਰਾਜ ਦਾ ਅੰਤ ਕੀਤਾ ਸੀ। ਤਾਲਿਬਾਨ ਨੇ ਕਿਹਾ, ‘‘ਇਹ ਚੰਗੀ ਕਿਸਮਤ ਦੀ ਗੱਲ ਹੈ ਕਿ ਅਸੀਂ ਅੱਜ ਬ੍ਰਿਟੇਨ ਤੋਂ ਆਪਣੀ ਆਜ਼ਾਦੀ ਦੀ ਵਰ੍ਹੇਗੰਢ ਮਨਾ ਰਹੇ ਹਾਂ।’’ ਉਸੇ ਸਮੇਂ ਸਾਡੇ ਜੇਹਾਦੀ ਵਿਰੋਧ ਦੇ ਨਤੀਜੇ ਵਜੋਂ ਅਮਰੀਕਾ ‘ਦੁਨੀਆ ਦੀ ਇੱਕ ਹੋਰ ਹੰਕਾਰੀ ਤਾਕਤ’ ਅਸਫਲ ਹੋ ਗਈ ਅਤੇ ਉਸ ਨੂੰ ਅਫਗਾਨਿਸਤਾਨ ਦੀ ਪਵਿੱਤਰ ਧਰਤੀ ਨੂੰ ਛੱਡਣ ਲਈ ਮਜਬੂਰ ਕੀਤਾ ਗਿਆ। ਹੁਣ ਤਾਲਿਬਾਨ ਦੇ ਸਾਹਮਣੇ ਦੇਸ਼ ਦੀ ਸਰਕਾਰ ਨੂੰ ਚਲਾਉਣ ਤੋਂ ਲੈ ਕੇ ਹਥਿਆਰਬੰਦ ਵਿਰੋਧ ਦਾ ਸਾਹਮਣਾ ਕਰਨ ਦੀ ਸੰਭਾਵਨਾ ਵਰਗੀਆਂ ਬਹੁਤ ਸਾਰੀਆਂ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ। ਅਫਗਾਨਿਸਤਾਨ ਦੇ ਏ. ਟੀ. ਐੱਮਜ਼ ’ਚੋਂ ਨਕਦੀ ਖਤਮ ਹੋ ਗਈ ਹੈ ਅਤੇ ਦਰਾਮਦ ’ਤੇ ਨਿਰਭਰ ਇਸ ਦੇਸ਼ ਦੇ ਤਕਰੀਬਨ ਤਿੰਨ ਕਰੋੜ 80 ਲੱਖ ਲੋਕ ਭੋਜਨ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਅਮਰੀਕੀ ਫ਼ੌਜ ਦੇ ਤਾਇਨਾਤ ਰਹਿਣ ਸਬੰਧੀ ਜੋਅ ਬਾਈਡੇਨ ਨੇ ਲਿਆ ਅਹਿਮ ਫ਼ੈਸਲਾ

ਅਜਿਹੀ ਸਥਿਤੀ ’ਚ ਅੰਤਰਰਾਸ਼ਟਰੀ ਸਹਿਯੋਗ ਤੋਂ ਬਿਨਾਂ ਸਰਕਾਰ ਚਲਾਉਣਾ ਤਾਲਿਬਾਨ ਲਈ ਵੱਡੀ ਚੁਣੌਤੀ ਹੋਵੇਗੀ। ਇਸ ਦੌਰਾਨ ਅਫਗਾਨਿਸਤਾਨ ਦੀ ਪੰਜਸ਼ੀਰ ਘਾਟੀ ’ਚ ਪਹੁੰਚੇ ਵਿਰੋਧੀ ਨੇਤਾ 'ਉੱਤਰੀ ਗੱਠਜੋੜ' ਦੇ ਬੈਨਰ ਹੇਠ ਹਥਿਆਰਬੰਦ ਵਿਰੋਧ ਪ੍ਰਦਰਸ਼ਨ ਕਰਨ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਹਨ। ਇਹ ਸਥਾਨ ‘ਉੱਤਰੀ ਗਠਜੋੜ’ਦੇ ਲੜਾਕਿਆਂ ਦਾ ਗੜ੍ਹ ਹੈ, ਜਿਨ੍ਹਾਂ ਨੇ 2001 ’ਚ ਤਾਲਿਬਾਨ ਵਿਰੁੱਧ ਅਮਰੀਕਾ ਦਾ ਸਾਥ ਦਿੱਤਾ ਸੀ। ਇਹ ਇਕਲੌਤਾ ਸੂਬਾ ਹੈ, ਜੋ ਤਾਲਿਬਾਨ ਦੇ ਹੱਥਾਂ ’ਚ ਨਹੀਂ ਆਇਆ ਹੈ। ਤਾਲਿਬਾਨ ਨੇ ਹਾਲੇ ਉਸ ਸਰਕਾਰ ਲਈ ਕੋਈ ਯੋਜਨਾ ਪੇਸ਼ ਨਹੀਂ ਕੀਤੀ ਹੈ, ਜਿਸ ਨੂੰ ਉਹ ਚਲਾਉਣਾ ਚਾਹੁੰਦੀ ਹੈ। ਉਸ ਨੇ ਸਿਰਫ ਇਹੀ ਕਿਹਾ ਹੈ ਕਿ ਉਹ ਸਰਕਾਰ ਨੂੰ ਸ਼ਰੀਆ ਜਾਂ ਇਸਲਾਮਿਕ ਕਾਨੂੰਨ ਦੇ ਆਧਾਰ ’ਤੇ ਚਲਾਏਗਾ। ਅਫਗਾਨਿਸਤਾਨ ’ਚ ਵਰਲਡ ਫੂਡ ਪ੍ਰੋਗਰਾਮ ਦੀ ਮੁਖੀ ਮੈਰੀ ਐਲਨ ਮੈਕਗ੍ਰੋਥੀ ਨੇ ਕਿਹਾ, “ਇੱਕ ਬਹੁਤ ਵੱਡਾ ਮਨੁੱਖਤਾਵਾਦੀ ਸੰਕਟ ਸਾਡੀਆਂ ਅੱਖਾਂ ਸਾਹਮਣੇ ਖੜ੍ਹਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਪੂਰਬੀ ਸ਼ਹਿਰ ਜਲਾਲਾਬਾਦ ’ਚ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਤਾਲਿਬਾਨ ਦੀ ਹਿੰਸਕ ਕਾਰਵਾਈ ’ਚ ਘੱਟ ਤੋਂ ਘੱਟ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਅਫਗਾਨਿਸਤਾਨ ਦੇ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਰਾਸ਼ਟਰੀ ਝੰਡਾ ਲਹਿਰਾਇਆ ਤੇ ਤਾਲਿਬਾਨ ਦਾ ਝੰਡਾ ਉਤਾਰ ਦਿੱਤਾ।

Manoj

This news is Content Editor Manoj