ਤਾਇਵਾਨ 'ਚ ਕ੍ਰੈਸ਼ ਹੋਇਆ ਹੈਲੀਕਾਪਟਰ, ਚੀਫ ਆਫ ਜਨਰਲ ਸਟਾਫ ਸਣੇ 8 ਲੋਕਾਂ ਦੀ ਮੌਤ

01/02/2020 3:16:36 PM

ਤਾਇਪੇ— ਤਾਇਵਾਨ 'ਚ ਵੀਰਵਾਰ ਨੂੰ ਚੀਫ ਆਫ ਜਨਰਲ ਸਟਾਫ ਤੇ ਹੋਰ ਫੌਜੀ ਅਧਿਕਾਰੀਆਂ ਨੂੰ ਲੈ ਜਾ ਰਹੇ ਇਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਪਰ ਇਸ ਦੌਰਾਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਕਾਰਨ ਉਪ-ਰੱਖਿਆ ਮੰਤਰੀ ਅਤੇ ਚੀਫ ਆਫ ਜਨਰਲ ਸਟਾਫ ਸ਼ੇਨ ਯੀ-ਮਿੰਗ ਦੀ ਮੌਤ ਦੀ ਹੋ ਗਈ। ਸਥਾਨਕ ਮੀਡੀਆ ਵਲੋਂ ਕਿਹਾ ਜਾ ਰਿਹਾ ਹੈ ਕਿ 8 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 62 ਸਾਲਾ ਜਨਰਲ ਸ਼ੇਨ-ਯੀ ਮਿੰਗ ਵੀ ਸ਼ਾਮਲ ਹਨ।

ਸਥਾਨਕ ਮੀਡੀਆ ਨੇ ਦੱਸਿਆ ਕਿ ਯੂ. ਐੱਚ.-60 ਬਲੈਕ ਹਾਕ ਫੌਜੀ ਹੈਲੀਕਾਪਟਰ ਭਾਰਤੀ ਸਮੇਂ ਮੁਤਾਬਕ ਸਵੇਰੇ ਲਗਭਗ 6.30 ਵਜੇ ਯਿਲਨ ਸ਼ਹਿਰ ਦੇ ਪਹਾੜੀ ਖੇਤਰ 'ਚ ਐਮਰਜੈਂਸੀ ਸਥਿਤੀ 'ਚ ਉਤਾਰਨਾ ਪਿਆ ਸੀ। ਇਸ ਤੋਂ ਪਹਿਲਾਂ ਹੈਲੀਕਾਪਟਰ ਦਾ ਸੰਪਰਕ ਕੰਟਰੋਲ ਰੂਮ ਨਾਲੋਂ ਟੁੱਟ ਗਿਆ ਸੀ।

ਜ਼ਿਕਰਯੋਗ ਹੈ ਕਿ ਇੱਥੇ 11 ਜਨਵਰੀ ਨੂੰ ਚੋਣਾਂ ਹੋਣੀਆਂ ਹਨ ਤੇ ਇਸੇ ਲਈ ਹਾਦਸੇ ਮਗਰੋਂ ਤਾਇਵਾਨ ਦੀ ਰਾਸ਼ਟਰਪਤੀ ਨੇ ਚੋਣ ਮੁਹਿੰਮ ਨੂੰ ਤਿੰਨ ਦਿਨਾਂ ਲਈ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਚੀਫ ਆਫ ਜਨਰਲ ਸਟਾਫ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਚੋਣਾਂ ਤੋਂ ਪਹਿਲਾਂ ਅਜਿਹਾ ਹਾਦਸਾ ਵਾਪਰਨਾ ਸ਼ੱਕ ਪੈਦਾ ਕਰ ਰਿਹਾ ਹੈ।
ਮੰਤਰਾਲੇ ਨੇ ਘਟਨਾ ਵਾਲੇ ਸਥਾਨ 'ਤੇ ਜਾਂਚ ਟੀਮ ਭੇਜ ਦਿੱਤੀ ਹੈ। ਤਾਇਵਾਨ ਦੇ ਰੱਖਿਆ ਮੰਤਰੀ ਯੇਨ ਡੇ-ਫਾ ਘਟਨਾ ਵਾਲੇ ਸਥਾਨ 'ਤੇ ਪੁੱਜ ਗਏ ਹਨ। ਅਜੇ ਤਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।