ਦੂਜੀ ਵਾਰ ਰਾਸ਼ਟਰਪਤੀ ਬਣੀ ਤਸਾਈ ਇੰਗ-ਵੇਨ, ਚੀਨ ਨਾਲ ਗੱਲਬਾਤ ਦੀ ਪੇਸ਼ਕਸ਼

05/20/2020 6:00:34 PM

ਤਾਈਪੇ (ਬਿਊਰੋ): ਚੀਨ ਦੇ ਨਾਲ ਵੱਧਦੇ ਤਣਾਅ ਦੇ ਵਿਚ ਤਾਈਵਾਨੀ ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਰਿਕਾਰਡ ਰੇਟਿੰਗ ਦੇ ਨਾਲ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਹਨਾਂ ਨੇ ਚੀਨੀ ਰਾਸ਼ਟਰਤੀ ਸ਼ੀ ਜਿਨਪਿੰਗ ਦੇ ਨਾਲ ਸਹਿ-ਮੌਜੂਦਗੀ ਦੇ ਆਧਾਰ 'ਤੇ ਗੱਲਬਾਤ ਦੀ ਪੇਸ਼ਕਸ਼ ਕੀਤੀ। ਇੱਥੇ ਦੱਸ ਦਈਏ ਕਿ ਚੀਨ ਹਮੇਸ਼ਾ ਤੋਂ ਤਾਈਵਾਨ ਨੂੰ ਆਪਣਾ ਅਟੁੱਟ ਅੰਗ ਮੰਨਦਾ ਹੈ ਜਦਕਿ ਤਾਈਵਾਨ ਹਮੇਸ਼ਾ ਤੋਂ ਖੁਦ ਨੂੰ ਇਕ ਵੱਖਰਾ ਦੇਸ਼ ਦੱਸਦਾ ਹੈ।

ਤਾਈਪੇ ਵਿਚ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਦੇ ਮੌਕੇ ਆਯੋਜਿਤ ਇਕ ਪਰੇਡ ਦੌਰਾਨ 63 ਸਾਲਾ ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਕਿਹਾ ਕਿ ਉਹ ਚੀਨ ਦੇ ਨਾਲ ਗੱਲਬਾਤ ਕਰ ਸਕਦੀ ਹੈ ਪਰ ਇਕ ਦੇਸ਼-ਦੋ ਸਿਸਟਮ ਦੇ ਮੁੱਦੇ 'ਤੇ ਨਹੀਂ। ਤਸਾਈ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਚੀਨ ਨੇ ਤਾਈਵਾਨ ਨਾਲ ਹਰ ਤਰ੍ਹਾਂ ਦੇ ਸੰਬੰਧ ਖਤਮ ਕਰ ਦਿੱਤੇ ਸਨ। ਇਸ ਦੇ ਇਲਾਵਾ ਕਈ ਵਾਰ ਚੀਨੀ ਸਰਕਾਰ ਨੇ ਤਾਈਵਾਨ 'ਤੇ ਮਿਲਟਰੀ ਕਾਰਵਾਈ ਦੀ ਧਮਕੀ ਵੀ ਦਿੱਤੀ ਸੀ।

ਤਸਾਈ ਨੇ ਕਿਹਾ ਕਿ ਚੀਨ ਅਤੇ ਤਾਈਵਾਨ ਦੇ ਸੰਬੰਧ ਇਤਿਹਾਸਿਕ ਮੋੜ 'ਤੇ ਪਹੁੰਚ ਗਏ ਹਨ। ਦੋਹਾਂ ਪੱਖਾਂ ਦਾ ਫਰਜ਼ ਹੈ ਕਿ ਉਹ ਲੰਬੇ ਸਮੇਂ ਲਈ ਸਹਿ-ਮੌਜੂਦਗੀ ਦਾ ਰਸਤਾ ਲੱਭਣ ਅਤੇ ਦੁਸ਼ਮਣੀ ਜਾਂ ਮਤਭੇਦ ਵਧਣ ਤੋਂ ਰੋਕਣ।ਉਹਨਾਂ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਚੀਨ ਦੀ ਲੀਡਰਸ਼ਿਪ ਜ਼ਿੰਮੇਵਾਰੀ ਲਵੇਗੀ ਅਤੇ ਨਾਲ ਮਿਲ ਕੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਦੇ ਲੰਬੇ ਸਮੇਂ ਦੇ ਵਿਕਾਸ ਨੂੰ ਵਧਾਉਣ ਲਈ ਕੰਮ ਕਰੇਗੀ। ਤਸਾਈ ਨੇ ਚੀਨ ਅਤੇ ਤਾਈਵਾਨ ਦੇ ਵਿਚ ਸੰਬੰਧਾਂ ਵਿਚ ਸ਼ਾਂਤੀ, ਸਮਾਨਤਾ, ਲੋਕਤੰਤਰ ਅਤੇ ਗੱਲਬਾਤ ਦਾ ਸਮਰਥਨ ਕੀਤਾ। ਉਹਨਾਂ ਨੇ ਹਾਂਗਕਾਂਗ ਦੀ ਤਰ੍ਹਾਂ ਇਕ ਦੇਸ਼, ਦੋ ਪ੍ਰਣਾਲੀਆਂ ਦੇ ਤਹਿਤ ਚੀਨ ਦੇ ਨਾਲ ਏਕੀਕਰਨ ਲਈ ਆਪਣਾ ਵਿਰੋਧ ਵੀ ਦੁਹਰਾਇਆ। 

ਪੜ੍ਹੋ ਇਹ ਅਹਿਮ ਖਬਰ- ਤਕਨੀਕ ਦਾ ਕਮਾਲ, ਅਗਵਾ ਹੋਇਆ ਬੱਚਾ 32 ਸਾਲ ਬਾਅਦ ਪਰਿਵਾਰ ਨਾਲ ਮਿਲਿਆ (ਤਸਵੀਰਾਂ) 

ਉਹਨਾਂ ਨੇ ਦੇਸ਼ ਵਿਚ 5ਜੀ, ਬਾਇਓਤਕਨਾਲੌਜੀ, ਮੈਡੀਕਲ, ਰੱਖਿਆ ਅਤੇ ਨਵੀਨੀਕਰਨ ਊਰਜਾ ਸਮੇਤ ਮੁੱਖ ਉਦਯੋਗਾਂ ਦੇ ਨਿਰਮਾਣ ਦਾ ਵਾਅਦਾ ਕੀਤਾ। 1949 ਵਿਚ ਮਾਓਤਸੇ ਤੁੰਗ ਦੀ ਅਗਵਾਈ ਵਿਚ ਕਮਿਊਨਿਸਟ ਪਾਰਟੀ ਨੇ ਚਿਯਾਂਗ ਕਾਈ ਸ਼ੇਕ ਦੀ ਲੀਡਰਸ਼ਿਪ ਵਾਲੀ ਕਾਮਿੰਗਤਾਂਗ ਸਰਕਾਰ ਦਾ ਤਖਤਾਪਲਟ ਕਰ ਦਿੱਤਾ ਸੀ। ਜਿਸ ਦੇ ਬਾਅਦ ਚਿਯਾਂਗ ਕਾਈ ਸ਼ੇਕ ਨੇ ਤਾਈਵਾਨ ਟਾਪੂ ਵਿਚ ਜਾਕੇ ਆਪਣੀ ਸਰਕਾਰ ਦਾ ਗਠਨ ਕੀਤਾ। ਉਸ ਸਮੇਂ ਕਮਿਊਨਿਸਟ ਪਾਰਟੀ ਦੇ ਕੋਲ ਮਜ਼ਬੂਤ ਨੇਵੀ ਨਹੀਂ ਸੀ। ਇਸ ਲਈ ਉਹਨਾਂ ਨੇ ਸਮੁੰਦਰ ਪਾਰ ਕਰਕੇ ਇਸ ਟਾਪੂ 'ਤੇ ਅਧਿਕਾਰ ਨਹੀਂ ਕੀਤਾ। ਉਦੋਂ ਤੋਂ ਤਾਈਵਾਨ ਨੇ ਖੁਦ ਨੂੰ ਰੀਪਬਲਿਕ ਆਫ ਚਾਈਨਾ ਮੰਨਦਾ ਹੈ। ਉੱਧਰ ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਚੀਨੀ ਕਮਿਊਨਿਸਟ ਪਾਰਟੀ ਇਸ ਲਈ ਫੌਜ ਦੀ ਵਰਤੋਂ 'ਤੇ ਵੀ ਜ਼ੋਰ ਦਿੰਦੀ ਰਹੀ ਹੈ। ਤਾਈਵਾਨ ਕੋਲ ਆਪਣੀ ਖੁਦ ਹੀ ਫੌਜ ਵੀ ਹੈ।ਜਿਸ ਨੂੰ ਅਮਰੀਕਾ ਦਾ ਸਮਰਥਨ ਹਾਸਲ ਹੈ। ਭਾਵੇਂਕਿ ਤਾਈਵਾਨ ਵਿਚ ਜਦੋਂ ਤੋਂ ਡੈਮੋਕ੍ਰੈਟਿਕ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਚੀਨ ਦੇ ਨਾਲ ਸੰਬੰਧ ਖਰਾਬ ਹੋਏ ਹਨ।


Vandana

Content Editor

Related News