ਸੀਰੀਆ : ਹਵਾਈ ਹਮਲੇ ''ਚ ਤੁਰਕੀ ਦੇ 33 ਫੌਜੀਆਂ ਦੀ ਮੌਤ

02/28/2020 10:59:07 AM

ਅੰਕਾਰਾ (ਭਾਸ਼ਾ): ਸੀਰੀਆ ਦੇ ਇਦਲਿਬ ਸੂਬੇ ਵਿਚ ਹਵਾਈ ਹਮਲੇ ਵਿਚ ਤੁਰਕੀ ਦੇ ਘੱਟੋ-ਘੱਟ 33 ਫੌਜੀ ਮਾਰੇ ਗਏ। ਇਸ ਹਮਲੇ ਦਾ ਦੋਸ਼ ਸੀਰੀਆ ਦੀ ਬਸ਼ਰ ਅਲ-ਅਸਦ ਸਰਕਾਰ 'ਤੇ ਲਗਾਇਆ ਜਾ ਰਿਹਾ ਹੈ। ਨਾਟੋ ਪ੍ਰਮੁੱਖ ਜੇਨ ਸਟੋਲਟੇਨਬਰਗ ਨੇ ਅਸਦ ਸਰਕਾਰ ਅਤੇ ਰੂਸ ਵੱਲੋਂ ਅੰਨ੍ਹੇਵਾਹ ਕੀਤੇ ਗਏ ਹਮਲਿਆਂ ਦੀ ਨਿੰਦਾ ਕੀਤੀ ਹੈ। ਸੀਰੀਆ ਦੇ ਸਰਹੱਦੀ ਤੁਰਕਿਸ਼ ਸੂਬੇ ਹਾਤੇ ਦੇ ਗਵਰਨਰ ਰਹਿਮੀ ਦੋਗਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਰਜਨਾਂ ਹੋਰ ਫੌਜੀ ਜ਼ਖਮੀ ਹੋਏ ਹਨ ਅਤੇ ਉਹਨਾਂ ਦਾ ਤੁਰਕੀ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 

ਉੱਤਰ-ਪੱਛਮੀ ਇਦਲਿਬ ਵਿਚ ਇਹ ਹਮਲਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਬਾਗੀ ਸਮਰਥਕ ਅੰਕਾਰਾ ਅਤੇ ਦਮਿਸ਼ਕ ਦੇ ਸਹਿਯੋਗੀ ਮਾਸਕੋ ਦੇ ਵਿਚ ਤਣਾਅ ਵੱਧ ਗਿਆ ਹੈ। ਸਟੋਲਟੇਨਬਰਗ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਾਟੋ ਪ੍ਰਮੁੱਖ ਨੇ ਸਾਰੇ ਪੱਖਾਂ ਨੂੰ ਇਸ ਖਤਰਨਾਕ ਸਥਿਤੀ ਵਿਚ ਸੁਧਾਰ ਲਿਆਉਣ ਦੀ ਅਪੀਲ ਕੀਤੀ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਬੁਸੋਗਲੁ ਨਾਲ ਫੋਨ 'ਤੇ ਹੋਈ ਗੱਲਬਾਤ ਵਿਚ ਨਾਟੋ ਜਨਰਲ ਸਕੱਤਰ ਨੇ ਇਦਲਿਬ ਸੂਬੇ ਵਿਚ ਸੀਰੀਆ ਸਰਕਾਰ ਅਤੇ ਉਸ ਦੇ ਸਹਿਯੋਗੀ ਰੂਸ ਦੇ ਅੰਨ੍ਹੇਵਾਹ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਹੈ। ਤੁਰਕੀ ਨੇ ਇਦਲਿਬ ਵਿਚ ਉਸ ਦੀਆਂ ਸੁਪਰਵਾਈਜ਼ਰ ਚੌਂਕੀਆਂ ਤੋਂ ਫੌਜੀਆਂ ਨੂੰ ਹਟਾਉਣ ਦੀ ਸੀਰੀਆ ਸਰਕਾਰ ਨੂੰ ਅਪੀਲ ਕੀਤੀ ਜਦਕਿ ਮਾਸਕੋ ਨੇ ਅੰਕਾਰਾ 'ਤੇ ਸੀਰੀਆ ਵਿਚ ਅੱਤਵਾਦੀਆਂ ਨੂੰ ਮਦਦ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। 

2018 ਦੇ ਇਕ ਸਮਝੌਤੇ ਦੇ ਮੁਤਾਬਕ ਰੂਸ ਨੇ ਇਦਲਿਬ ਵਿਚ ਸ਼ਾਂਤੀ ਸਥਾਪਿਤ ਕਰਨੀ ਸੀ। ਤੁਰਕੀ ਦੀਆਂ ਉਸ ਖੇਤਰ ਵਿਚ 12 ਸੁਪਰਵਾਈਜ਼ਰ ਚੌਂਕੀਆਂ ਹਨ ਪਰ ਇਹਨਾਂ ਵਿਚੋਂ ਜ਼ਿਆਦਾਤਰ ਚੌਂਕੀਆਂ 'ਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਫੌਜ ਹਮਲਾ ਕਰਦੀ ਰਹੀ ਹੈ। ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਅਰਦੌਣ ਨੇ ਇਦਲਿਬ ਹਮਲੇ ਦੇ ਬਾਅਦ ਅੰਕਾਰਾ ਵਿਚ ਹਫੜਾ-ਦਫੜਾ ਵਿਚ ਐਮਰਜੈਂਸੀ ਬੈਠਕ ਬੁਲਾਈ। ਅਰਦੌਣ ਦੇ ਸੀਨੀਅਰ ਪ੍ਰੈੱਸ ਸਹਾਇਕ ਫਹਰੇਤਿਨ ਅਲਤੁਨ ਨੇ ਦੱਸਿਆ,''ਤੁਰਕੀ ਦੀ ਫੌਜ ਨੇ ਹਵਾਈ ਹਮਲੇ ਦੇ ਬਾਅਦ ਸੀਰੀਆ ਸਰਕਾਰ ਦੇ ਸਾਰੇ ਪਤਾ ਠਿਕਾਣਿਆਂ ਵਿਰੁੱਧ ਜਵਾਬੀ ਕਾਰਵਾਈ ਕੀਤੀ। ਇਸ ਤਾਜ਼ਾ ਹਮਲੇ ਦਾ ਮਤਲਬ ਹੈ ਕਿ ਇਸ ਮਹੀਨੇ ਇਦਲਿਬ ਵਿਚ ਤੁਰਕੀ ਦੇ 53 ਸੁਰੱਖਿਆ ਕਰਮੀ ਮਾਰੇ ਜਾ ਚੁੱਕੇ ਹਨ।'' 

ਇਸ ਵਿਚ ਅਮਰੀਕਾ ਨੇ ਸੀਰੀਆ ਸਰਕਾਰ ਅਤੇ ਉਸ ਦੇ ਸਹਿਯੋਗੀ ਰੂਸ ਨੂੰ ਇਦਲਿਬ ਵਿਚ ਆਪਣੀ ਘਿਨਾਉਣੀ ਮੁਹਿੰਮ ਬੰਦ ਕਰਨ ਦੀ ਮੰਗ ਕੀਤੀ ਅਤੇ ਤੁਰਕੀ ਦਾ ਸਮਰਥਨ ਕੀਤਾ। ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ,''ਅਸੀਂ ਆਪਣੇ ਨਾਟੋ ਸਹਿਯੋਗੀ ਤੁਰਕੀ ਦੇ ਨਾਲ ਹਾਂ ਅਤੇ ਅਸਦ ਸਰਕਾਰ, ਰੂਸ ਅਤੇ ਈਰਾਨ ਸਮਰਥਿਤ ਬਲਾਂ ਦੇ ਇਸ ਘਿਨਾਉਣੀ ਮੁਹਿੰਮ ਨੂੰ ਤੁਰੰਤ ਖਤਮ ਕਰਨ ਦੀ ਮੰਗ ਕਰਦੇ ਰਹਾਂਗੇ।'' ਉਹਨਾਂ ਨੇ ਕਿਹਾ,''ਅਸੀਂ ਇਹਨਾਂ ਵਿਕਲਪਾਂ 'ਤੇ ਵਿਚਾਰ ਕਰ ਰਹੇ ਹਾਂ ਕਿ ਕਿਵੇਂ ਇਸ ਸੰਕਟ ਵਿਚ ਤੁਰਕੀ ਦਾ ਸਹਿਯੋਗ ਦਿੱਤਾ ਜਾ ਸਕਦਾ ਹੈ।''


Vandana

Content Editor

Related News